October 9, 2024 admin

ਡਾ. ਗੁਮਟਾਲਾ ਵੱਲੋਂ ਚੋਣਾਂ ਵੋਟਿੰਗ ਮਸ਼ੀਨਾਂ ਦੀ ਥਾਂ ‘ਤੇ ਬੈਲਟ ਪੇਪਰਾਂ ਰਾਹੀਂ ਕਰਵਾਉਣ ਦੀ ਮੰਗ

ਅੰਮ੍ਰਿਤਸਰ 9 ਅਕਤੂਬਰ 2024 (ਭਾਰਤ ਸੰਦੇਸ਼ ਬਿਊਰੋ):- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ  ਉਨ੍ਹਾਂ ਨੂੰ  ਰਾਜਨੀਤੀ ਤੋਂ ਉਪਰ ਉੱਠਕੇ ਚੋਣਾਂ ਵੋਟਿੰਗ ਮਸ਼ੀਨਾਂ ਦੀ ਥਾਂ ‘ਤੇ ਪਰਚੀਆਂ ਰਾਹੀਂ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਪ੍ਰੈਸ ਨੂੰ ਜਾਰੀ ਇੱਕ ਨਿੱਜੀ ਬਿਆਨ ਵਿੱਚ ਮੰਚ ਆਗੂ ਨੇ ਕਿਹਾ ਕਿ ਅਮਰੀਕਾ, ਇੰਗਲੈਂਡ, ਕਨੇਡਾ, ਜਰਮਨ , ਫ਼ਰਾਂਸ, ਨੀਦਰਲੈਂਡ, ਅਸਟਰੇਲੀਆ ਆਦਿ ਮੁਲਕਾਂ ਵਿਚ ਚੋਣਾਂ  ਵਿੱਚ ਵੋਟਾਂ ਪਰਚੀਆਂ ਰਾਹੀਂ ਪਾਈਆਂ ਜਾਂਦੀਆਂ ਹਨ, ਇਨ੍ਹਾਂ ਮੁਲਕਾਂ ਵਿਚ ਵੋਟਿੰਗ ਮਸ਼ੀਨਾਂ ਦੀ ਵਰਤੋਂ ‘ਤੇ ਪਾਬੰਦੀ ਹੈ ਜਦ ਕਿ ਭਾਰਤ ਤੇ ਕੁਝ ਕੁ ਦੇਸ਼ ਹੀ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ।

ਭਾਰਤ ਵਿਚ ਵੀ ਪਿਛਲੇ ਕਈ ਸਾਲਾਂ ‘ਤੋ ਚੋਣਾਂ ਵੋਟਿੰਗ ਮਸ਼ੀਨਾਂ ਦੀ  ਥਾਂ ‘ਤੇ ਪਰਚੀਆਂ ਰਾਹੀਂ ਪਵਾਉਣ ਦੀ ਮੰਗ ਹੋ ਰਹੀ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ‘ਤੇ ਕਈ ਤਰ੍ਹਾਂ ਦੇ ਇਤਰਾਜ਼ ਉੱਠ ਦੇ ਰਹਿ ਹਨ। ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ 31 ਦਸੰਬਰ 2002 ਵਿੱਚ ਇੱਕ ਪ੍ਰੈਸ ਸਟੇਟਮੈਂਟ ਵਿੱਚ ਚੋਣਾਂ ਵੋਟਿੰਗ ਮਸ਼ੀਨਾਂ ਦੀ  ਥਾਂ ‘ਤੇ ਪਰਚੀਆਂ ਰਾਹੀਂ ਪਵਾਉਣ ਦੀ ਮੰਗ ਕੀਤੀ ਸੀ । ਉਨ੍ਹਾਂ ਇਹ ਵੀ  ਕਿਹਾ ਸੀ ਕਿ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਕਾਂਸ਼ੀ ਰਾਮ ਅਤੇ ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ  ਵੀ ਇਨ੍ਹਾਂ ਮਸ਼ੀਨਾਂ ਦੀ ਵਿਰੋਧਤਾ ਕਰ ਰਹੇ ਹਨ। ਆਮ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ 13 ਅਪ੍ਰੈਲ 2017 ਨੂੰ ਕਿਹਾ ਸੀ ਕਿ ਇਨ੍ਹਾਂ ਮਸ਼ੀਨਾਂ ਵਿੱਚ ਹੇਰਾ ਫੇਰੀ ਹੋ ਸਕਦੀ ਹੈ। ਸਭ ਤੋਂ ਵੱਡਾ ਸੁਆਲ ਜੋ ਕਿ ਪ੍ਰਧਾਨ ਮੰਤਰੀ ਤੇ ਚੋਣ ਕਮਿਸ਼ਨ ਕੋਲੋਂ ਪੁਛਣਾਂ ਬਣਦਾ ਹੈ ਕਿ ਅਮਰੀਕਾ, ਕਨੇਡਾ, ਇੰਗਲੈਂਡ, ਫਰਾਂਸ ਵਰਗੇ ਅਗਾਂਹ ਵਧੂ ਮੁਲਕ ਜਿਨ੍ਹਾਂ ਨੇ ਇਹ ਮਸ਼ੀਨਾਂ ਬਣਾਈਆਂ ਹਨ, ਉਹ ਇਨ੍ਹਾਂ ਦੀ ਵਰਤੋਂ ਕਿਉਂ ਨਹੀਂ ਕਰਦੇ , ਤੁਸੀਂ ਕਿਉਂ ਕਰ ਰਹੇ ਹੋ?  ਸਾਰੀਆਂ ਪਾਰਟੀਆਂ  ਨੂੰ ਫੋਕੀ ਬਿਆਨਬਾਜੀ ਕਰਨ ਦੀ ਥਾਂ’ਤੇ ਇਸ ਸਬੰਧੀ ਰਲ ਕੇ ਸਾਂਝੀ ਮੁਹਿੰਮ ਚਲਾਉਣੀ ਚਾਹੀਦੀ ਹੈ ਤੇ ਆਉਂਦੇ ਪਾਰਲੀਮੈਂਟ ਅਜਲਾਸ ਵਿਚ ਇਸ ਸਬੰਧੀ  ਮਤਾ ਲਿਆ ਕੇ ਪਾਸ ਕਰਵਾਉਣਾ ਚਾਹੀਦਾ ਹੈ ਤਾਂ ਜੁ ਨਿਰਪੱਖ ਚੋਣਾਂ ਹੋ ਸਕਣ।

Translate »