ੁਸ਼ਿਆਰਪੁਰ, 20 ਅਗਸਤ:
ਸ੍ਰੀਮਤੀ ਸੰਤੋਸ਼ ਕੁਮਾਰੀ (ਸ਼੍ਰੋਮਣੀ ਅਕਾਲੀ ਦਲ ਬਾਦਲ) ਸਰਬਸੰਮਤੀ ਨਾਲ ਬਲਾਕ ਸੰਮਤੀ ਹੁਸ਼ਿਆਰਪੁਰ-2 ਦੀ ਚੇਅਰਪਰਸਨ ਚੁਣੇ ਗਏ ਜਦਕਿ ਸ੍ਰੀ ਸੰਤੋਖ ਸਿੰਘ (ਭਾਜਪਾ) ਸਰਬਸੰਮਤੀ ਨਾਲ ਬਲਾਕ ਸੰਮਤੀ ਹੁਸ਼ਿਆਰਪੁਰ 2 ਦੇ ਵਾਈਸ ਚੇਅਰਮੈਨ ਚੁਣੇ ਗਏ। ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ-2 ਦੇ ਦਫ਼ਤਰ ਵਿਖੇ ਐਸ ਡੀ ਐਮ-ਕਮ-ਪ੍ਰੀਜਾਈਡਿੰਗ ਅਫ਼ਸਰ ਕੈਪਟਨ ਕਰਨੈਲ ਸਿੰਘ ਦੀ ਅਗਵਾਈ ਵਿੱਚ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਪੰਚਾਇਤ ਸੰਮਤੀ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਬਲਾਕ ਸੰਮਤੀ ਹੁਸ਼ਿਆਰਪੁਰ-2 ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ।
ਮੁੱਖ ਪਾਰਲੀਮਾਨੀ ਸਕੱਤਰ ਸਿੰਚਾਈ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਨੇ ਪੰਚਾਇਤ ਸੰਮਤੀ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਚੁਣੇ ਗਏ ਚੇਅਰਪਰਸਨ ਸ੍ਰੀਮਤੀ ਸੰਤੋਸ਼ ਕੁਮਾਰੀ (ਸ਼੍ਰੋਮਣੀ ਅਕਾਲੀ ਦਲ ਬਾਦਲ) ਅਤੇ ਵਾਈਸ ਚੇਅਰਮੈਨ ਸ੍ਰੀ ਸੰਤੋਖ ਸਿੰਘ (ਭਾਜਪਾ) ਅਤੇ ਸੰਮਤੀ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਇਹ ਚੋਣ ਕੀਤੀ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬਲਾਕ ਸੰਮਤੀ ਹੁਸ਼ਿਆਰਪੁਰ-2 ਦੇ ਕੁਲ 24 ਮੈਂਬਰਾਂ ਵਿੱਚੋਂ 14 ਮੈਂਬਰ ਹਾਜ਼ਰ ਸਨ ਜਿਨ੍ਹਾਂ ਨੇ ਅੱਜ ਦੀ ਇਹ ਚੋਣ ਸਰਬਸੰਮਤੀ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਦੀ ਮੀਟਿੰਗ ਵਿੱਚ ਪਿੰਡ ਦੇ ਲੋਕਾਂ ਵੱਲੋਂ ਚੁਣੇ ਗਏ ਪੰਚਾਇਤ ਸੰਮਤੀ ਦੇ ਬਾਕੀ ਮੈਂਬਰਾਂ ਨੇ ਸ਼ਾਮਲ ਨਾ ਹੋ ਕੇ ਲੋਕਾਂ ਵੱਲੋਂ ਦਿੱਤੇ ਗਏ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ ਹੈ ਜਦਕਿ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਉਨ੍ਹਾਂ ਨੂੰ ਅੱਜ ਦੀ ਮੀਟਿੰਗ ਵਿੱਚ ਆਉਣ ਸਬੰਧੀ ਸੱਦਾ ਦਿੱਤਾ ਸੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਚੁਣੇ ਗਏ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਆਪਣੇ ਬਲਾਕ ਦੇ ਸਰਬਪੱਖੀ ਵਿਕਾਸ ਦੇ ਕੰਮਾਂ ਨੂੰ ਬਿਨਾਂ ਭੇਦ-ਭਾਵ ਕਰਾਉਣ ਲਈ ਆਪਣਾ ਯੋਗਦਾਨ ਪਾਉਣਗੇ। ਮੀਟਿੰਗ ਦੀ ਕਾਰਵਾਈ ਉਪਰੰਤ ਨਵ-ਨਿਯੁਕਤ ਚੇਅਰਪਰਸਨ ਸ੍ਰੀਮਤੀ ਸੰਤੋਸ਼ ਕੁਮਾਰੀ ਅਤੇ ਵਾਈਸ ਚੇਅਰਮੈਨ ਸੰਤੋਖ ਸਿੰਘ ਦਾ ਮੁੱਖ ਪਾਰਲੀਮਾਨੀ ਸਕੱਤਰ ਸ੍ਰ: ਸੋਹਨ ਸਿੰਘ ਠੰਡਲ ਵੱਲੋਂ ਸਨਮਾਨ ਕੀਤਾ।
ਅੱਜ ਦੀ ਮੀਟਿੰਗ ਵਿੱਚ ਬਲਾਕ ਸੰਮਤੀ ਦੇ ਮੈਂਬਰ ਮਹੇਸ਼ ਕੁਮਾਰ, ਸ਼ਰਨਜੀਤ ਕੁਮਾਰ, ਕੇਹਰੂ ਰਾਮ ਹੀਰਾ, ਗੁਰਮੀਤ ਸਿੰਘ, ਚਰਨਜੀਤ ਕੁਮਾਰ, ਰਾਜੇਸ਼ ਕੁਮਾਰ, ਫਕੀਰ ਚੰਦ, ਸੁਰਿੰਦਰ ਕੌਰ, ਪਰਮਜੀਤ ਕੌਰ, ਜਸਬੀਰ ਕੌਰ, ਬਲਬੀਰ ਰਾਮ, ਜਸਬੀਰ ਸਿੰਘ, ਵਿਕਾਸ ਨੇ ਭਾਗ ਲਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਏ ਈ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਠੰਡਲ, ਇਕਬਾਲ ਸਿੰਘ ਖੇੜਾ, ਮਾਸਟਰ ਰਛਪਾਲ ਸਿੰਘ, ਨਿਰਮਲ ਸਿੰਘ ਭੀਲੋਵਾਲ, ਡਾ. ਦਿਲਬਾਗ ਰਾਏ, ਵਿਜੇ ਪਠਾਨੀਆ, ਸੁਰਿੰਦਰ ਸਿੰਘ ਸੰਧੂ, ਸਤਪਾਲ ਸਿੰਘ ਸੰਸੋਲੀ ਆਦਿ ਵੀ ਹਾਜ਼ਰ ਸਨ।