January 27, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ‘ਚ ਵਾਈਸ-ਚਾਂਸਲਰ, ਪ੍ਰੋਫੈਸਰ ਏ. ਐਸ. ਬਰਾੜ ਨੇ ਕੌਮੀ ਝੰਡਾ ਲਹਿਰਾਇਆ

ਅੰਮ੍ਰਿਤਸਰ, 27 ਜਨਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਚ 63ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਗੈਸਟ ਹਾਉੂਸ ਦੇ ਸਾਹਮਣੇ ਕੌਮੀ ਝੰਡਾ ਲਹਿਰਾਇਆ ਤੇ ਸਲਾਮੀ ਦਿੱਤੀ। ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਦੇਸ਼ ਭਗਤੀ ਦੇ ਗੀਤ ਗਾਏ ਗਏ।
              ਆਪਣੇ ਸੰਦੇਸ਼ ਵਿੱਚ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਭਾਈਚਾਰੇ ਨੂੰ ਵਧਾਈ ਦਿੰੰਦਿਆਂ ਕਿਹਾ ਕਿ 63 ਸਾਲਾਂ ਵਿਚ ਸਾਡੇ ਦੇਸ਼ ਨੇ ਚਾਹੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ ਪਰ ਗਿਆਨ-ਆਧਾਰਿਤ ਸਨਅਤ ਦਾ ਵਿਕਾਸ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਇੰਡਸਟਰੀ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਯੂਨੀਵਰਸਿਟੀਆਂ ਦੀ ਭੁਮਿਕਾ ਕਾਫੀ ਵੱਡੀ ਹੈ। ਇਸ ਲਈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਉਨ੍ਹਾਂ ਦਾ ਗਿਆਨ ਵਧਾਉਣ ਵਿਚ ਸਹਾਇਤਾ ਕਰਨ।
              ਪ੍ਰੋ. ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਵਿਚ ਸਭ ਤੋਂ ਛੋਟੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਵੀ ਇਹ ਦੇਸ਼ ਦੀਆਂ ਪਹਿਲੀਆਂ 10 ਯੂਨੀਵਰਸਿਟੀਆਂ ਵਿਚ ਪੋਟੈਂਸ਼ੀਅਲ ਵਿਦ ਐਕਸੀਲੈਂਸ ਦੇ ਦਰਜੇ ਨਾਲ ਸ਼ਾਮਿਲ ਹੋਈ ਹੈ, ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਉਹ ਯੂਨੀਵਰਸਿਟੀ ਦੇ ਸਿਖਿਆ ਢਾਂਚੇ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਵਿਚ ਸਹਾਇਤਾ ਕਰਨ। ਉਨ੍ਹਾਂ ਨੇ ਪ੍ਰਾਈਵੇਟ ਯੂਨੀਵਰਸਿਟੀ ਦੀ ਵੱਧ ਰਹੀ ਆਮਦ ਨਾਲ ਗਰੀਬ ਵਿਦਿਆਰਥੀਆਂ ‘ਤੇ ਫੀਸਾਂ ਦੇ ਪੈ ਰਹੇ ਬੋਝ ‘ਤੇ ਚਿੰਤਾ ਪ੍ਰਗਟਾਈ ਅਤੇ ਇਹ ਵਾਅਦਾ ਕੀਤਾ ਕਿ ਸਾਲ 2012-13 ਵਿਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਵਿਚ ਵਾਧਾ ਨਹੀਂ ਕੀਤਾ ਜਾਵੇਗਾ ਅਤੇ ਯੂਨੀਵਰਸਿਟੀ ਆਪਣੇ ਪੱਧਰ ‘ਤੇ ਖਰਚਿਆਂ ਦਾ ਪ੍ਰਬੰਧ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਅਰਥਸ਼ਾਸਤਰ ਅਤੇ ਸਮਾਜ ਵਿਗਿਆਨਾਂ ਦੇ ਖੇਤਰ ਵਿਚ ਖੋਜ ਕਾਰਜਾਂ ਲਈ ਯੂਨੀਵਰਸਿਟੀ ਵੱਲੋਂ ਫੰਡ ਉਪਲਬਧ ਕਰਵਾਉਣ ਦਾ ਵਾਅਦਾ ਵੀ ਕੀਤਾ।
ਵਾਈਸ-ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਯੂਨੀਵਰਸਿਟੀ ਦੇ ਢਾਂਚੇ ਦੇ ਵਿਸਥਾਰ ਅਤੇ ਖੋਜ ਕਾਰਜਾਂ ਲਈ ਪਿਛਲੇ ਢਾਈ ਸਾਲਾਂ ਵਿਚ 170 ਕਰੋੜ ਦੀ ਗ੍ਰਾਂਟ ਦਿੱਤੀ ਗਈ ਹੈ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਯੂ.ਜੀ.ਸੀ. ਵੱਲੋਂ ਦਿੱਤੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਸਿਖਿਆ ਅਤੇ ਖੋਜ ਕਾਰਜਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲੈ ਕੇ ਜਾਣ।
              ਇਸ ਤੋਂ ਪਹਿਲਾਂ ਡੀਨ, ਅਕਾਦਮਿਕ ਮਾਮਲੇ, ਡਾ. ਰਾਜਿੰਦਰਜੀਤ ਕੌਰ ਪੁਆਰ ਨੇ ਗਣਤੰਤਰ ਦਿਵਸ ਵਿਚ ਭਾਗ ਲੈਣ ਵਾਲਿਆਂ ਨੂੰੰ ਜੀ-ਆਇਆਂ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਧੰੰਨਵਾਦ ਦਾ ਮਤਾ ਪੇਸ਼ ਕੀਤਾ। ਸੰਗੀਤ ਵਿਭਾਗ ਦੀ ਮੁਖੀ, ਡਾ. ਗੁਰਪ੍ਰੀਤ ਕੌਰ ਨੇ ਮੰਚ ਸੰਚਾਲਨ ਦਾ ਕਾਰਜ ਸੰਭਾਲਿਆ।

Translate »