November 14, 2011 admin

ਦਿਹਾਤੀ ਸ਼ਿਲਪਕਾਰਾਂ ਦਾ ਆਰਥਿਕ ਪੱਧਰ ਮਜ਼ਬੂਤ ਕਰਨ ਵਿੱਚ ਸ਼ਿਲਪ ਮੇਲਿਆਂ ਦਾ ਵੱਡਾ ਯੋਗਦਾਨ : ਡੀ.ਸੀ.

ਪਟਿਆਲਾ, 14 ਨਵੰਬਰ :- ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਲਗਾਇਆ ਗਿਆ 13 ਰੋਜ਼ਾ ਕਰਾਫਟ ਮੇਲਾ ਅੱਜ ਸ਼ਾਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੌ-ਸ਼ੌਕਤ ਨਾਲ ਸਮਾਪਤ ਹੋ ਗਿਆ । ਇਸ ਮੇਲੇ ਵਿੱਚ ਜਿਥੇ ਦੇਸ਼ ਦੇ 21 ਵੱਖ-ਵੱਖ ਰਾਜਾਂ ਵਿੱਚੋਂ 300 ਤੋਂ ਵੱਧ ਸ਼ਿਲਪਕਾਰਾਂ ਨੇ ਆਪਣੀਆਂ ਕਲਾਕ੍ਰਿਤੀਆਂ ਨੂੰ ਪੇਸ਼ ਕੀਤਾ ਉਥੇ ਹੀ 100 ਦੇ ਕਰੀਬ ਕਲਾਕਾਰਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ । ਸਮਾਪਤੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਇਸ ਮੌਕੇ ਹਾਜ਼ਰ ਵੱਡੀ ਗਿਣਤੀ ਕਲਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗਰਗ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸਭਿਆਚਾਰ ਅਤੇ ਸ਼ਿਲਪ ਕਲਾਵਾਂ ਦਾ ਅਦਾਨ ਪ੍ਰਦਾਨ ਕਰਦੇ ਹਨ ਉਥੇ ਹੀ ਇਨ੍ਹਾਂ ਨਾਲ ਦਿਹਾਤੀ ਸ਼ਿਲਪਕਾਰਾਂ ਦਾ ਆਰਥਿਕ ਪੱਧਰ ਵੀ ਮਜ਼ਬੂਤ ਹੁੰਦਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਮੇਲੇ  ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਸਭਿਆਚਾਰ ਅਤੇ ਵਿਰਸੇ ਬਾਰੇ ਸਮੇਂ ਸਮੇਂ ‘ਤੇ ਜਾਣੂ ਕਰਵਾਇਆ ਜਾ ਸਕੇ  ।
         ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਕੋ ਸਥਾਨ ‘ਤੇ ਵੱਖ-ਵੱਖ ਰਾਜਾਂ ਦੀਆਂ ਵਸਤਾਂ ਮਿਲਣ ਨਾਲ ਜਿਥੇ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ ਹੈ ਉਥੇ ਹੀ ਇਹ ਮੇਲਾ ਲੋਕ ਕਲਾਵਾਂ ਦੇ ਸੁਮੇਲ ਨੂੰ ਬੜਾਵਾ ਦੇਣ ਦੀ ਵੀ ਇੱਕ ਵੱਡੀ ਮਿਸਾਲ ਸਾਬਿਤ ਹੋਇਆ ਹੈ । ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੇ ਵਿਲੱਖਣ ਲੋਕ ਨਾਚਾਂ ਅਤੇ ਰਵਾਇਤੀ ਗੀਤ-ਸੰਗੀਤ ਨੇ ਲਗਾਤਾਰ ਮੇਲੇ ਦੀਆਂ ਰੌਣਕਾਂ ਨੂੰ ਕਾਇਮ ਰੱਖਿਆ । ਸ਼੍ਰੀ ਗਰਗ ਨੇ ਇਸ ਮੌਕੇ ਮੇਲੇ ਨੂੰ ਸਫਲ ਬਣਾਉਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ । ਡਿਪਟੀ ਕਮਿਸ਼ਨਰ ਨੇ ਮੇਲੇ ਵਿੱਚ ਹਿੱਸਾ ਲੈਣ ਵਾਲੇ ਸ਼ਿਲਪਕਾਰਾਂ ਤੇ ਕਲਾਕਾਰਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ । ਪੰਜਾਬ ਵਾਸੀਆਂ ਖਾਸ ਕਰਕੇ ਪਟਿਆਲਾ ਦੇ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਸ਼੍ਰੀ ਗਰਗ ਨੇ ਕਿਹਾ ਕਿ ਪੰਜਾਬੀ ਆਪਣੀ ਮੇਜ਼ਬਾਨੀ ਲਈ ਦੁਨੀਆਂ ਭਰ ਵਿੱਚ ਪ੍ਰਸਿੱਧ ਹਨ ਅਤੇ ਇਸ ਮੇਲੇ ਨੂੰ ਸਫਲ ਬਣਾਉਣ ਲਈ ਲੋਕਾਂ ਨੇ ਵੱਡਾ ਯੋਗਦਾਨ ਪਾਇਆ ਹੈ । ਇਸ ਮੌਕੇ ਡਿਪਟੀ ਕਮਿਸ਼ਨਰ ਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਰਚਨਾ ਗਰਗ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ।
         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ ਨੇ ਕਿਹਾ ਕਿ ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਨੇ ਕਰੀਬ ਇੱਕ ਕਰੋੜ ਤੀਹ ਲੱਖ ਰੁਪਏ ਦਾ ਵਪਾਰ ਕੀਤਾ ਹੈ ਅਤੇ 13 ਦਿਨਾਂ ਦੌਰਾਨ ਕਰੀਬ ਸਵਾ ਲੱਖ ਲੋਕਾਂ ਨੇ ਇਸ ਮੇਲੇ ਦਾ ਆਨੰਦ ਮਾਣਿਆ । ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਨੇ ਵੀ ਮੇਲੇ ਵਿੱਚ ਸ਼ਿਰਕਤ ਕੀਤੀ । ਸਮਾਪਤੀ ਸਮਾਗਮ ਮੌਕੇ ਪੰਜਾਬ ਪੁਲਿਸ ਦੇ ਸਭਿਆਚਾਰਕ ਗਰੁੱਪ ਤੋਂ ਇਲਾਵਾ ਰਾਜਸਥਾਨੀ ਤੇ ਮਥੁਰਾ ਤੋਂ ਆਏ ਕਲਾਕਾਰਾਂ ਨੇ ਹੈਰਾਨੀਜਨਕ ਨਾਚ ਤੇ ਕਰਤਬ ਪੇਸ਼ ਕੀਤੇ । ਮੇਲੇ ਵਿੱਚ ਵੱਖ-ਵੱਖ ਥਾਵਾਂ ‘ਤੇ ਨਚਾਰਾਂ, ਸਪੇਰਿਆਂ ਤੇ ਰਵਾਇਤੀ ਨਾਚ ਮੇਲੇ ਵਿੱਚ ਖਿੱਚ ਦਾ ਕੇਂਦਰ ਬਣੇ ਰਹੇ । ਮੇਲੇ ਦੀ ਸਮਾਪਤੀ ਮੌਕੇ ਇੱਕ ਸ਼ਾਨਦਾਰ ਆਤਿਸ਼ਬਾਜ਼ੀ ਸ਼ੋਅ ਵੀ ਕਰਵਾਇਆ ਗਿਆ । ਇਸ ਮੇਲੇ ਦੇ ਅੰਤਿਮ ਦਿਨ ਵੱਡੀ ਗਿਣਤੀ ਲੋਕਾਂ ਨੇ ਆਨੰਦ ਮਾਣਿਆ ।
         ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀ ਪਰਮੋਦ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਬਲਬੀਰ ਕੌਰ, ਡੀ.ਡੀ.ਪੀ.ਓ ਸ਼੍ਰੀ ਬਲਜੀਤ ਸਿੰਘ, ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਜੀ.ਐਸ. ਔਲਖ, ਐਕਸੀਅਨ ਪੀ.ਡਬਲਿਊ.ਡੀ ਸ਼੍ਰੀ ਵਿਪਨ ਬਾਂਸਲ, ਪੰਜਾਬ ਪੁਲਿਸ ਸਭਿਆਚਾਰਕ ਗਰੁੱਪ ਦੇ ਡਿਪਟੀ ਡਾਇਰੈਕਟਰ ਸ਼੍ਰੀ ਐਸ.ਆਰ. ਸ਼ਰਮਾ, ਸਮੂਹ ਬੀ.ਡੀ.ਪੀ.ਓਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ।

Translate »