November 13, 2011 admin

ਪੰਜਾਬ ਦੀਆਂ ਲੋਕ ਕਲਾਵਾਂ ਅਤੇ ਸੰਗੀਤ ਦੀ ਖੁਸ਼ਬੋ ਦੂਰ ਦੂਰ ਤੱਕ ਫੈਲੀ: ਲੱਧੜ

* ਸ਼ੀਸ਼ ਮਹਿਲ ‘ਚ ਆਯੋਜਿਤ ‘ਦਿਲਜੀਤ ਸਿੰਘ ਨਾਈਟ’ ਨੇ ਦਰਸ਼ਕ ਨੱਚਣ ਲਾਏ
ਪਟਿਆਲਾ –  ” ਪੰਜਾਬ ਸ਼ੁਰੂ ਤੋਂ ਹੀ ਆਪਣੇ ਅਮੀਰ ਵਿਰਸੇ ਕਾਰਨ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹੈ ਅਤੇ ਆਪਣੀ ਮਿਹਨਤ ਤੇ ਇਮਾਨਦਾਰੀ ਸਦਕਾ ਹੀ ਪੰਜਾਬੀਆਂ ਨੇ ਦੁਨੀਆਂ ਭਰ ਵਿੱਚ ਆਪਣੀ ਵਿਸ਼ੇਸ਼ ਪਛਾਣ ਕਾਇਮ ਕੀਤੀ ਹੈ । ਪੰਜਾਬ ਸਮੇਤ ਦੇਸ਼ ਦੇ 21 ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਇੱਕ ਮਾਲਾ ਵਿੱਚ ਪਰੋਣ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਸ਼ਿਲਪ ਮੇਲਾ ਆਪਣੇ ਉਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਸਾਬਿਤ ਹੋ ਰਿਹਾ ਹੈ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਐਸ.ਆਰ. ਲੱਧੜ ਨੇ ਸ਼ੀਸ਼ ਮਹਿਲ ਵਿਖੇ ਚੱਲ ਰਹੇ ਕਰਾਫਟ ਮੇਲੇ ਤਹਿਤ ਆਯੋਜਿਤ  ‘ਦਿਲਜੀਤ ਸਿੰਘ ਨਾਈਟ’ ਦੌਰਾਨ ਕੀਤਾ । ਸ਼੍ਰੀ ਲੱਧੜ ਨੇ ਕਿਹਾ ਕਿ ਸੰਗੀਤਕ ਸ਼ਾਮ ਵਿੱਚ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਲੋਕ ਕਲਾਵਾਂ ਅਤੇ ਸੰਗੀਤ ਦੀ ਖੁਸ਼ਬੋ ਦੂਰ ਦੂਰ ਤੱਕ ਫੈਲੀ ਹੋਈ ਹੈ । ਉਨ੍ਹਾਂ ਇਹ ਵੀ ਕਿਹਾ ਕਿ ਰਾਜਾਂ ਦੇ ਸਭਿਆਚਾਰਕ ਅਦਾਨ ਪ੍ਰਦਾਨ ਲਈ ਵੱਧ ਤੋਂ ਵੱਧ ਅਜਿਹੇ ਮੇਲੇ ਕਰਵਾਉਣਾ ਅਜੋਕੇ ਸਮੇਂ ਦੀ ਅਹਿਮ ਲੋੜ ਬਣ ਗਿਆ ਹੈ ।
         ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਕਿਹਾ ਕਿ ਵੱਖ-ਵੱਖ ਰਾਜਾਂ ਦੇ ਸਭਿਆਚਾਰਕ ਮਾਹੌਲ ਵਿੱਚ ਰੰਗੇ ਹੋਏ ਸ਼ਿਲਪ ਮੇਲੇ ਵਿੱਚ ਬਾਹਰੋਂ ਆਏ ਮਹਿਮਾਨਾਂ ਦੇ ਸਵਾਗਤ ਤੇ ਮਨੋਰੰਜਨ ਲਈ ਸੰਗੀਤਕ ਸ਼ਾਮ ਦਾ ਆਯੋਜਨ ਸਾਰਥਕ ਕਦਮ ਹੈ । ਉਨ੍ਹਾਂ ਕਿਹਾ ਕਿ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਕਲਾਕਾਰਾਂ ਵੱਲੋਂ ਪੇਸ਼ ਗੀਤ-ਸੰਗੀਤ ਦੇ ਪ੍ਰੋਗਰਾਮਾਂ ਦੇ ਨਾਲ ਨਾਲ ਪੰਜਾਬ ਦੇ ਪ੍ਰਸਿੱਧ ਗਾਇਕ ਦਿਲਜੀਤ ਸਿੰਘ ਦੁਆਰਾ ਗਾਏ ਗੀਤ ਚਿਰਾਂ ਤੱਕ ਦਰਸ਼ਕਾਂ/ਸਰੋਤਿਆਂ ਨੂੰ ਯਾਦ ਰਹਿਣਗੇ । ਇਸ ਮੌਕੇ ਐਸ.ਐਸ.ਪੀ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਕਿਸੇ ਸਮਾਗਮ ਦੀ ਮਕਬੂਲੀਅਤ ਉਸ ਸਮਾਗਮ ਵਿੱਚ ਹੋਣ ਵਾਲੇ ਇਕੱਠ ਤੋਂ ਪਤਾ ਲਗਦੀ ਹੈ ਅਤੇ ਇਸ ਸੰਗੀਤਕ ਸ਼ਾਮ ਪ੍ਰਤੀ ਸੰਗੀਤ ਪ੍ਰੇਮੀਆਂ ਨੇ ਜੋ ਉਤਸ਼ਾਹ ਦਿਖਾਇਆ ਹੈ ਉਹ ਇੱਕ ਮਿਸਾਲ ਕਾਇਮ ਕਰਦਾ ਹੈ । ਇਸ ਮੌਕੇ ਗਾਇਕ ਦਿਲਜੀਤ ਸਿੰਘ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਦੌਰਾਨ ਇੱਕ ਅਜਿਹੀ ਸਥਿਤੀ ਵੀ ਆਈ ਜਦੋਂ ਕਰਾਫਟ ਮੇਲਾ ਵੇਖਣ ਆਏ ਸਾਰੇ ਲੋਕ ਹੀ ਸੰਗੀਤਕ ਸਮਾਗਮ ਵਾਲੇ ਸਥਾਨ ‘ਤੇ ਇਕੱਠੇ ਹੋ ਗਏ ਅਤੇ ਦਰਸ਼ਕਾਂ ਖਾਸ ਕਰਕੇ ਨੌਜਵਾਨਾਂ ਨੇ ਆਪਣੀਆਂ ਸੀਟਾਂ ਅੱਗੇ ਖੜ੍ਹ ਕੇ ਹੀ ਨੱਚਣਾ ਸ਼ੁਰੂ ਕਰ ਦਿੱਤਾ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ, ਪ੍ਰਵਾਸੀ ਭਾਰਤੀ ਸ਼੍ਰੀ ਦਰਸ਼ਨ ਸਿੰਘ ਧਾਲੀਵਾਲ ਤੇ ਚਰਨਜੀਤ ਸਿੰਘ ਧਾਲੀਵਾਲ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਸ਼੍ਰੀ ਹਰਜੀਤ ਸਿੰਘ ਅਦਾਲਤੀਵਾਲਾ, ਪ੍ਰੀਤ ਕੰਬਾਇਨ ਦੇ ਐਮ.ਡੀ. ਸ਼੍ਰੀ ਹਰੀ ਸਿੰਘ, ਮੈਂਬਰ ਜ਼ਿਲ੍ਹਾ ਪਰਿਸ਼ਦ ਸ਼੍ਰੀ ਹਰਿੰਦਰਪਾਲ ਸਿੰਘ ਟੌਹੜਾ, ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ, ਐਸ.ਪੀ (ਸਿਟੀ) ਸ਼੍ਰੀ ਦਲਜੀਤ ਸਿੰਘ ਰਾਣਾ, ਡੀ.ਐਸ.ਪੀ ਸ਼੍ਰੀ ਕੇਸਰ ਸਿੰਘ, ਮੇਲੇ ਦੇ ਕੋਆਰਡੀਨੇਟਰ ਸ਼੍ਰੀ ਸੁਖਜੀਤ ਸਿੰਘ ਪਰਾਸ਼ਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ, ਵੱਖ-ਵੱਖ ਰਾਜਾਂ ਦੇ ਕਲਾਕਾਰ ਤੇ ਸ਼ਿਲਪਕਾਰ ਵੀ ਹਾਜ਼ਰ ਸਨ ।

Translate »