November 13, 2011 admin

ਧੰਨ ਧੰਨ ਬਾਬਾ ਨਾਨਕ

ਬਿਕਰਮਜੀਤ ਸਿੰਘ "ਜੀਤ" 

sethigem@yahoo.com
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ
 
ਭਾਗ ਖੁਲੇ ਅੱਜ ਕਲਜੁਗ ਦੇ,  ਖੁਸ਼ੀਆਂ ਨੇਂ ਚੁਫ਼ੇਰੇ ਭਾਰੀ
ਝੂਮ ਰਹੇ ਧਰਤੀ ਤੇ ਅੰਬਰ, ਆਨੰਦਿਤ ਖਲਕ ਹੈ ਸਾਰੀ
ਤ੍ਰਿਪਤ ਹੋਈ ਅਜ ਤ੍ਰਿਪਤਾ ਮਾਤਾ, ਜਾਏ ਹਰਪੱਲ ਵਾਰੀ
ਭੈਣ ਨਾਨਕੀ ਹੋਈ ਗਦਗਦ, ਵੇਖ ਰੂਪ ਤੇਰਾ ਨਿਰੰਕਾਰੀ
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ
 
ਸੱਚ ਦੀ ਰਾਹ ਤੂੰ ਪਾਏ ਅਨੇਕਾਂ, ਭਟਕੇ ਹੋਏ ਇਨਸਾਨ
ਨਜ਼ਰ ਇਲਾਹੀ ਪਾ ਕੇ ਕੀਤੇ, ਨਕਮਸਤਕ ਕਈ ਸ਼ੈਤਾਨ
ਸੱਜਣ ਠੱਗ ਤੇ ਭੂਮਿਏਂ ਵਰਗੇ, ਜੋ ਪਾਪੀ ਵਿਚ ਜਹਾਨ
ਭੁਲ ਗਏ ਚਲਣਾਂ ਪੁਠੀ ਰਾਹ ਤੇ, ਕਰਨ ਤੇਰਾ ਗੁਣਗਾਨ
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ
 
ਖ਼ੌਫ਼ ਤੋਂ ਕੌਡੇ ਰਾਖਸ਼ ਦੇ, ਤੂੰ ਮੁਕਤ ਕਰਾਇਆ ਸੱਭ ਨੂੰ
ਤੱਪਦਾ ਤੇਲ ਕੜ੍ਹਾਹਾ ਉਸਦਾ, ਠਾਰ ਕਰਾਇਆ ਤਦ ਤੂੰ
ਵੱਲੀ ਕੰਧਾਰੀ ਪੈਰੀਂ ਪਇਆ, ਛੱਡ ਗੁਮਾਨ ਦੀ ਹੱਦ ਨੂੰ
ਲਾਕੇ ਮੁਹਰ ਪੰਜੇ ਦੀ ਅਪਣੀਂ, ਤਾਰਿਆ ਉਸਨੂੰ ਜੱਦ ਤੂੰ
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ
 
ਮਲਕ ਭਾਗੋ ਤੇ ਹੋਰ ਬਥੇਰੇ, ਸਨ ਮਦ ਮਾਇਆ ਦੇ ਅਨ੍ਹੇਂ
ਨਜ਼ਰ ਤੂੰ ਐਸੀ ਪਾਈ ਰੁਹਾਨੀ, ਗਏ ਭਰਮ ਉਨ੍ਹਾਂ ਦੇ ਭੱਨੇਂ
ਗਲੇ ਲਗਾਏ ਲਾਲੋ ਵਰਗੇ, ਸਨ ਪਿਆਰ ਤੇਰੇ ਵਿਚ ਬਨ੍ਹੇਂ
ਉਸਤੇ ਤੇਰੀ ਮਿਹਰ ਦੀ ਬਰਖਾ, ਹੋਵੇ ਕਿਰਤੀ ਭਾਣਾਂ ਮੰਨੇਂ
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ
 
ਲਹਿਂਦੇ ਵਲ ਨੂੰ ਸੁਟਕੇ ਪਾਣੀਂ, ਭੁਲਿਆਂ ਨੂੰ ਸਮਝਾਇਆ
ਅੰਧ ਵਿਸ਼ਵਾਸ ਚੋਂ ਕੱਢ ਲੋਕਾਂ ਨੂੰ, ਸਿੱਧੇ ਰਾਹ ਚਲਾਇਆ
ਜੱਤ ਸੱਤ ਤੇ ਸੰਤੋਖ ਦਇਆ ਦਾ, ਜੰਜੂ ਸੱਭ ਨੂੰ ਪਾਇਆ
ਕਰਕੇ ਕਰਮ ਕਾਂਡ ਸੱਭ ਖੰਡਨ, ਮਾਰਗ ਨਵਾਂ ਦਿਖਾਇਆ
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ
 
ਫੇਰ ਕੇ ਮੱਕਾ ਦੱਸਿਆ ਜੱਗ ਨੂੰ, ਰੱਬ ਹੈ ਸੱਭਨੀਂ ਥਾਂਈਂ
ਭੱਲਾ ਬੁਰਾ ਨ੍ਹਾਂ ਕੋਈ ਜਗ ਵਿਚ, ਹਿੰਦੂ ਜਾਂ ਤੁਰਕਾਈ
ਵਰਤੇ ਜੋਤ ਇਲਾਹੀ ਇਕੋ, ਜੋ ਘਟ ਘਟ ਵਿਚ ਸਮਾਈ
ਕਿਸੇ ਵੀ ਚੰਗੇ ਕਰਮਾਂ ਬਾਝੋਂ, ਦਰਗਾਹੇ ਢੋਈ ਨ੍ਹਾਂ ਪਾਈ
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ
 
ਹੱਠੀਂ ਜੋਗੀਂ ਰੱਬ ਨ੍ਹਾਂ ਮਿੱਲੇ, ਬਚਨ ਸਿੱਧਾਂ ਨੂੰ ਕੀਤਾ ਤੂੰ
ਗ੍ਰਹਸਤੀ ਬਣੋਂ ਕਰੋ ਬੰਦਗੀ, ਸੱਚਾ ਜੋਗ ਕਿਹਾ ਸੀ ਤੂੰ
ਪੈਰੀਂ ਪਏ ਸਿੱਧ ਸੱਭ ਆਕੇ, ਬੋਲੇ ਨਾਨਕ ਧੰਨ ਹੈਂ ਤੂੰ
ਧੰਨ ਕਮਾਈ ਤੇਰੀ ਵੱਡੀ, ਧੰਨ ਧੰਨ ਨਾਨਕ ਧੰਨ ਹੈਂ ਤੂੰ
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ
 
ਸੱਚੇ ਗੁਰੂ ਦੀ ਪੈਕੇ ਸ਼ਰਨੀਂ, ਤੱਨ ਮੱਨ ਅਗੇ ਧਰੀਏ ਜੀ
ਬਣਕੇ ਬਾਲੇ ਤੇ ਮਰਦਾਨੇ, ਸੇਵਾ ਸਿਮਰਨ ਕਰੀਏ ਜੀ
ਪੱਲਾ ਫੜੀਏ ਸ਼ਬਦ ਗੁਰੂ ਦਾ, ਨਿਸਚਾ ਪੱਕਾ ਧਰੀਏ ਜੀ
"ਜੀਤ" ਚਲਕੇ ਉਜਲੀ ਰਾਹੇ, ਭਵਸਾਗਰ ਨੂੰ ਤਰੀਏ ਜੀ
 
ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ


 

Translate »