ਅੰਮ੍ਰਿਤਸਰ – ਨਵੰਬਰ ੧੯੮੪ ਵਿਚ ਦੇਸ਼ ਦੀ ਰਾਜਧਾਨੀ ਤੇ ਹੋਰ ਸ਼ਹਿਰਾਂ ਵਿਚ ਸਰਕਾਰੀ ਸ਼ਹਿ ਤੇ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ ਨਿਰਪੱਖ ਜਾਂਚ ਲਈ ਸਚਾਈ ਭਾਲ ਕਮਿਸ਼ਨ ਗਠਤ ਕੀਤੇ ਜਾਣ ਦੀ ਮੰਗ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਆਸ ਪ੍ਰਗਟ ਕੀਤੀ ਹੈ ਕਿ ਇਸ ਨਾਲ ਦੋਸ਼ੀ ਖੁਦ ਹੀ ਸਾਹਮਣੇ ਆ ਜਾਣਗੇ ।ਸ੍ਰ ਕਲਕੱਤਾ ਨੇ ਦੱਸਿਆ ਕਿ ਨਵੰਬਰ ੮੪ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਧਰਮ ਨਿਰਪੱਖ ਭਾਰਤੀ ਲੋਕਤੰਤਰ ਦੇ ਮੱਥੇ ਤੇ ਬਦਨੁਮਾ ਦਾਗ ਹੈ ਜਿਸਨੂੰ ਕਿਸੇ ਤਰ੍ਹਾ ਵੀ ਖਤਮ ਨਹੀ ਕੀਤਾ ਜਾ ਸਕਦਾ ।ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਵੀ ਗਵਾਹਾਂ ਦੇ ਬਿਆਨਾਂ ਤੇ ਹੀ ਇਨਸਾਫ ਸੁਣਾਉਂਦੀ ਹੈ ਇਸੇ ਕਾਰਣ ੨੭ ਸਾਲ ਬੀਤ ਜਾਣ ਤੇ ਵੀ ਸਿੱਖਾਂ ਨੂੰ ਇਨਸਾਫ ਨਹੀ ਮਿਲਿਆ। ਸ੍ਰ ਕਲਕੱਤਾ ਨੇ ਕਿਹਾ ਕਿ ਹਰ ਸਾਲ ਸੰਸਾਰ ਭਰ ਵਿਚ ਵਸਦੇ ਸਿੱਖ ਨਵੰਬਰ ਦੇ ਪਹਿਲੇ ਹਫਤੇ ਆਪਣੀ ਦਿਲੀ ਵੇਦਨਾ ਪ੍ਰਗਟ ਕਰਦੇ ਹਨ ਲੇਕਿਨ ਸੱਤਾਧਾਰੀਆਂ ਲਈ ਇਹ ਸਭ ਇਕ ਆਮ ਗਲ ਹੀ ਰਹਿੰਦੀ ਹੈ ।ਉਨ੍ਹਾਂ ਕਿਹਾ ਕਿ ਸਚਾਈ ਦਾ ਪਤਾ ਲਗਾਉਣ ਵਾਲਾ ਇਹ ਕਮਿਸ਼ਨ ,ਅੰਤਰਰਾਸ਼ਟਰੀ ਮਾਹਿਰਾਂ ਤੇ ਤਕਨੀਕ ਦੀ ਮਦਦ ਨਾਲ ਜਾਂਚ ਕਰੇ ਅਤੇ ਸਚਾਈ ਸੰਸਾਰ ਭਰ ਦੇ ਇਨਸਾਫ ਪਸੰਦ ਲੋਕਾਂ ਸਾਹਮਣੇ ਰੱਖੇ । ਉਨ੍ਹਾਂ ਵਿਸ਼ਵ ਭਰ ਦੀਆਂ ਧਾਰਮਿਕ ਸਮਾਜਿਕ ਤੇ ਮਨੁਖੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੀ ਹੋਈ ਨਸਲਕੁਸ਼ੀ ਲਈ ਇਨਸਾਫ ਹਾਸਿਲ ਕਰਨ ਲਈ ਇਕ ਸਚਾਈ ਭਾਲ ਕਮਿਸ਼ਨ ਗਠਿਤ ਕੀਤੇ ਜਾਣ ਲਈ ਆਵਾਜ ਬੁਲੰਦ ਕਰਨ ।
ਨਵੰਬਰ ੮੪ ਵਿਚ ਹੋਈ ਸਿੱਖਾਂ ਦੀ ਨਸਲਕੁਸ਼ੀ ਲਈ ਸਰਕਾਰਾਂ ਦੇ ਵਤੀਰੇ ਦੀ ਗਲ ਕਰਦਿਆਂ ਸ੍ਰ ਕਲਕੱਤਾ ਨੇ ਕਿਹਾ ਕਿ ਬੀਤੇ ਕਲ ਹੀ ਜਦੋਂ ਵਿਸ਼ਵ ਭਰ ਦੇ ਸਿੱਖ ੧੯੮੪ ਵਿਚ ਮਾਰੇ ਗਏ ਸਿੱਖਾਂ ਲਈ ਇਨਸਾਫ ਮੰਗ ਰਹੇ ਸਨ ਤਾਂ ਪੰਜਾਬ ਦੀ ਪੰਥਕ ਸਰਕਾਰ ਢੋਲ ਦੀ ਥਾਪ ਤੇ ਕਬੱਡੀ ਮੈਚ ਦਾ ਉਦਘਾਟਨ ਕਰਵਾ ਰਹੀ ਸੀ । ਉਹਨਾਂ ਕਿਹਾ ਕਿ ਹਰ ਚੋਣ ਸਮੇਂ ੮੪ ਕਤਲੇਆਮ ਦੇ ਨਾਮ ਤੇ ਮਗਰਮੱਛ ਦੇ ਹੰਝੂ ਵਹਾਣ ਵਾਲਾ ਅਕਾਲੀ ਦਲ ਇਸ ਦਿਨ ਦਾ ਤਾਂ ਖਿਆਲ ਰੱਖ ਲੈਂਦਾ ਜਿਸ ਦਿਨ ਹਰ ਸਿੱਖ ਭਾਵਨਾ ਦੇ ਵਹਿਣ ਵਿਚ ,ਵਿਛੜ ਚੁਕੇ ਆਪਣਿਆਂ ਲਈ ਗਮਜ਼ਦਾ ਸੀ ।