October 22, 2011 admin

ਕਮਿਸ਼ਨਰ ਵੱਲੋਂ ਵੋਟ ਸੂਚੀ ‘ਚ ਹੋ ਰਹੀ ਸੁਧਾਈ ਦਾ ਜਾਇਜ਼ਾ

ਕਪੂਰਥਲਾ – ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਅੱਜ ਅਚਨਚੇਤ ਵੋਟਰ ਸੂਚੀਆਂ ‘ਚ ਹੋ ਰਹੀ ਸੁਧਾਈ ਦਾ ਜਾਇਜ਼ਾ ਲੈਣ ਲਈ ਕਪੂਰਥਲਾ ਆਏ। ਉਨ੍ਹਾਂ ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਅਤੇ ਚੋਣ ਅਮਲੇ ਨਾਲ ਮੀਟਿੰਗ ਕੀਤੀ ਅਤੇ ਵੋਟਰ ਸੂਚੀਆਂ ‘ਚ ਸੋਧ ਕਰਨ ਸਬੰਧੀ ਚੱਲ ਰਹੇ ਪ੍ਰੋਗਰਾਮ ਦੀ ਪ੍ਰਗਤੀ ਦਾ ਪਤਾ ਲਗਾਇਆ। ਉਨ੍ਹਾਂ ਚੋਣ ਅਮਲੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 18 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਦੀ ਵੋਟ ਬਣਾਈ ਜਾਵੇ ਅਤੇ ਚੋਣ ਬੂਥ ‘ਤੇ ਬੈਠੇ ਅਧਿਕਾਰੀ ਇਹ ਯਕੀਨੀ ਬਨਾਉਣ ਕਿ ਉਨ੍ਹਾਂ ਦੇ ਇਲਾਕੇ ‘ਚ ਕੋਈ ਵਿਅਕਤੀ ਵੋਟ ਤੋਂ ਵਾਂਝਾ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ‘ਚ ਸੁਧਾਈ ਦਾ ਪ੍ਰੋਗਰਾਮ 24 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਲਈ ਜਿਸ ਕਿਸੇ ਨੇ ਵੀ ਨਵੀਂ ਵੋਟ ਬਨਾਉਣੀ ਹੋਵੇ, ਸੋਧ ਕਰਨੀ ਹੋਵੇ ਜਾਂ ਕਟਾਉਣੀ ਹੋਵੇ, ਉਹ ਆਪਣੇ ਚੋਣ  ਬੂਥ ‘ਤੇ ਬੈਠੇ ਬੀ. ਐਲ. ਓਜ਼ ਨਾਲ ਸੰਪਰਕ ਕਾਇਮ ਕਰੇ ਅਤੇ ਉਸ ਕੋਲ ਮੌਜੂਦ ਫਾਰਮ ਭਰ ਕੇ ਦੇਵੇ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਕੋਈ ਵੀ ਜਾਅਲੀ ਵੋਟ ਨਾ ਬਣਾਈ ਜਾਵੇ, ਬਲਕਿ ਆਪ ਜਾਂਚ-ਪੜਤਾਲ ਕਰਕੇ ਵੋਟ ਬਣਾਓ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਦੀਆਂ ਸਬ ਡਵੀਜ਼ਨਾਂ ਅਤੇ ਮੁੱਖ ਚੋਣ ਅਫਸਰ ਦੇ ਟੈਲੀਫੋਨ ‘ਤੇ ਸਧਾਰਨ ਵੋਟਰ ਬਣ ਕੇ ਜਾਣਕਾਰੀ ਵੀ ਮੰਗੀ, ਜਿਸ ਦਾ ਉਨ੍ਹਾਂ ਨੂੰ ਸੰਤਸ਼ੁਟੀ ਭਰਪੂਰ ਉਤਰ ਮਿਲਿਆ। ਜ਼ਿਲ੍ਹੇ ਦੀ ਵੋਟਰ ਸੂਚੀ ‘ਤੇ ਝਾਤ ਮਾਰਦਿਆਂ ਉਨ੍ਹਾਂ ਭੁਲੱਥ ਹਲਕੇ ‘ਚ ਆਦਮੀਆਂ ਦੀ ਥਾਂ ਔਰਤਾਂ ਦੀਆਂ ਵੱਧ ਵੋਟਾਂ ਹੋਣ ਦਾ ਮੁੱਦਾ ਵੀ ਅਧਿਕਾਰੀਆਂ ਨਾਲ ਵਿਚਾਰਿਆ। ਮੀਟਿੰਗ ‘ਚ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ, ਵਧੀਕ ਡਿਪਟੀ ਕਮਿਸ਼ਨਰ ਗੁਰਮੇਲ ਸਿੰਘ, ਐਸ. ਡੀ. ਐਮ. ਸੁਲਤਾਨਪੁਰਲੋਧੀ ਲਖਮੀਰ ਸਿੰਘ, ਤਹਿਸੀਲਦਾਰ ਅਰਵਿੰਦਰ ਸਿੰਘ, ਤਹਿਸੀਲਦਾਰ ਚੋਣਾਂ ਹਰੀਸ਼ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਮਗਰੋਂ ਉਨ੍ਹ ਚੋਣ ਬੂਥਾਂ ‘ਤੇ ਚੱਲ ਰਹੇ ਪ੍ਰੋਗਰਾਮ ਦਾ ਪਤਾ ਲਗਾਉਣ ਲਈ ਅਚਨਚੇਤ ਮਨਸੂਰਵਾਲ ਅਤੇ ਵਡਾਲਾ ਕਲਾਂ ਦੇ ਬੂਥ ‘ਤੇ ਛਾਪਾ ਵੀ ਮਾਰਿਆ, ਪਰ ਕੰਮ ਠੀਕ-ਠਾਕ ਚੱਲ ਰਿਹਾ ਮਿਲਿਆ।
ਸੁਵਿਧਾ ਕੇਂਦਰ ਦੀ ਕੀਤੀ ਜਾਂਚ
ਕਪੂਰਥਲਾ ਦੌਰੇ ਮੌਕੇ ਸ੍ਰੀ ਅਨੁਰਾਗ ਵਰਮਾ ਨੇ ਸੁਵਿਧਾ ਕੇਂਦਰ ‘ਤੇ ਛਾਪਾ ਮਾਰਿਆ ਅਤੇ ਉਥੇ ਕੰਮ ਕਰਵਾਉਣ ਆਏ ਲੋਕਾਂ ਕੋਲੋਂ ਕੰਮ ਸਬੰਧੀ ਜਾਣਕਾਰੀ ਲਈ ਕਿ ਕੀ ਕੰਮ ਠੀਕ ਸਮੇਂ ਹੋ ਰਿਹਾ ਹੈ? ਇਸ ਮੌਕੇ ਉਨ੍ਹਾਂ ਸੇਵਾ ਅਧਿਕਾਰ ਕਾਨੂੰਨ ਸਬੰਧੀ ਦੱਸਦੇ ਕੇਂਦਰ ਦੇ ਫਾਰਮਾਂ ‘ਚ ਥੋੜ੍ਹੀ ਤਰਮੀਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਅੰਗਹੀਣ ਬੱਚਿਆਂ ਨੂੰ ਹਰ ਸੰਭਵ ਸਹੂਲਤ ਦਿੱਤੀ ਜਾਵੇ
ਇਸੇ ਦੌਰਾਨ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸੀ. ਐਮ. ਓ. ਡਾ. ਹਰਵਿੰਦਰ ਸਿੰਘ ਨਾਲ ਅਪੰਗ ਬੱਚਿਆਂ ਦੀ ਸਹਾਇਤਾ ਲਈ ਚੱਲ ਰਹੇ ਪ੍ਰੋਗਰਾਮ ਬਾਰੇ ਪੁੱਛ-ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਅਪੰਗ ਬੱਚਿਆਂ ਦੀ ਸਹਾਇਤਾ ਲਈ ਸਰਕਾਰ ਵੱਲੋਂ ਵਿਸ਼ੇਸ਼ ਫੰਡ ਆ ਰਿਹਾ ਹੈ। ਇਸ ਲਈ ਲੋੜਵੰਦ ਬੱਚਿਆਂ ਨੂੰ ਐਨਕਾਂ, ਸੁਣਨ ਵਾਲੀਆਂ ਮਸ਼ੀਨਾਂ, ਟਰਾਈ ਸਾਈਕਲ ਆਦਿ ਦਿੱਤੇ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਪਰਉਪਕਾਰੀ ਕੰਮ ‘ਚ ਦਿਲਚਸਪੀ ਲੈਣ ਵਾਲੇ ਕਿਸੇ ਅਧਿਕਾਰੀ ਨੂੰ ਇਸ ਕੰਮ ਦਾ ਨੋਡਲ ਅਫਸਰ ਲਗਾ ਕੇ ਪੂਰੇ ਜ਼ਿਲ੍ਹੇ ‘ਚ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਵੇ।

Translate »