April 27, 2014 admin

ਵਿਵਾਦਤ ਮੁਦਿਆਂ ਨੇ ਚੋਣ ਪ੍ਰਚਾਰ ਗਰਮਾਇਆ

ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਦੌਰ ਵਿਚ ਲਗਦਾ ਸੀ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਵਿਰੋਧ ਵਿਚ ਕੋਈ ਐਸੀ ਧਿਰ ਨਹੀਂ ਜੋ ਉਸ ਨੂੰ ਕਾਂਟੇ ਦੀ ਟਕਰ ਦੇ ਸਕੇ। ਸ. ਨਵਜੋਤ ਸਿੰਘ ਸਿੱਧੂ ਦੀ ਥਾਂ ‘ਤੇ ਅੰਮ੍ਰਿਤਸਰ ਤੋਂ ਸ੍ਰੀ ਅਰੁਣ ਜੇਤਲੀ ਨੂੰ ਟਿਕਟ ਦੇਣ ਨਾਲ ਪੰਜਾਬ ਦਾ ਸਿਆਸੀ ਮਾਹੌਲ ਬਦਲ ਗਿਆ। ਕਾਂਗਰਸ ਹਾਈ ਕਮਾਨ ਨੇ ਸਖ਼ਤ ਟਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਸਮੇਤ ਉਚ ਪਾਏ ਦੇ ਲੀਡਰ ਚੋਣ ਮੈਦਾਨ ਵਿਚ ਉਤਾਰਨ ਦੇ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦਾ ਲਾਭ ਨਿਸ਼ਚੇ ਹੀ ਕਾਂਗਰਸ ਪਾਰਟੀ ਨੂੰ ਹੋਇਆ ਤੇ ਉਸ ਨੇ ਹਾਕਮ ਪਾਰਟੀ ਦੀਆਂ ਆਸਾ ‘ਤੇ ਪਾਣੀ ਫੇਰ ਦਿੱਤਾ ਹੈ ਤੇ ਹੁਣ ਉਸ ਲਈ ਪਹਿਲੀਆਂ ਸੀਟਾਂ ਵੀ ਕਾਇਮ ਰਖਣਾ ਮੁਸ਼ਕਲ ਹੋ ਰਿਹਾ ਹੈ।

          ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਭਾਜਪਾ ਦੇ ਫੈਸਲੇ ਨੇ ਉਸ ਨੂੰ ਵਿਕਾਸ ਪੁਰਸ਼ ਵਜੋਂ ਪੇਸ਼ ਕੀਤਾ। ਇਸ ਸਮੇਂ ਸਾਰਾ ਮੀਡਿਆ, ਉਸ ਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ, ਜਿਵੇਂ ਉਹ ਚੋਣ ਜਿੱਤ ਗਿਆ ਹੋਵੇ। ਗੁਜਰਾਤ ਸਰਕਾਰ ਵਲੋਂ ਕਿਸਾਨਾਂ ਜਿਨ੍ਹਾਂ ਵਿਚ ਬਹੁ-ਗਿਣਤੀ ਸਿੱਖਾਂ ਦੀ ਹੈ ਦੀਆਂ ਨੂੰ ਜ਼ਮੀਨ ਤੋਂ ਬੇ-ਦਖਲ ਕਰਨ ਦੇ ਫੈਸਲੇ ਨੇ ਪੰਜਾਬ ਵਿਚ ਮੋਦੀ ਵਿਰੁੱਧ ਲਹਿਰ ਪੈਦਾ ਕਰਨ ਦਾ ਕੰਮ ਕੀਤਾ ਹੈ । ਭਾਜਪਾ ਤੇ ਅਕਾਲੀ ਇਸ ਬਾਰੇ ਚੁੱਪ ਹਨ।

          ਪੰਜਾਬ ਵਿਚ ਵੱਡੀ ਪੱਧਰ ‘ਤੇ ਵਿਕ ਰਹੇ ਨਸ਼ੇ ਹਾਕਮ ਪਾਰਟੀ ਲਈ ਸਿਰ ਦਰਦ ਬਣੇ ਹੋਏ ਹਨ, ਜਿਨ੍ਹਾਂ ਦਾ ਲਾਭ ਵਿਰੋਧੀ ਲੈ ਰਹੇ ਹਨ। ਪ੍ਰਾਪਰਟੀ ਟੈਕਸ ਲਾਉਣ ਲਈ ਸ਼ਹਿਰੀ ਵੋਟਰ ਹਾਕਮ ਪਾਰਟੀਆਂ ਵਿਰੁੱਧ ਹਨ। ਸ੍ਰੀ ਸ਼ਸ਼ੀ ਕਾਂਤ ਵਲੋਂ ਸਿਆਸਤਦਾਨਾਂ ਦੇ ਨਾਂ ਨਸ਼ੇ ਕਰਨ ਨੇ ਵੀ ਚੋਣ ਪ੍ਰਚਾਰ ਵਿਚ ਤੇਜੀ ਲਿਆਂਦੀ ਹੈ। ਭਾਵੇਂ ਬਾਦਲ ਸਰਕਾਰ ਵਲੋਂ ਇਸ ਦਾ ਦੋਸ਼ ਕੇਂਦਰ ਉਪਰ ਮੜਿਆ ਜਾ ਰਿਹਾ ਹੈ ਕਿ ਨਸ਼ੇ ਪਾਕਿਸਤਾਨ ਤੋਂ ਆਉਂਦੇ ਹਨ ਤੇ ਇਸ ਨੂੰ ਰੋਕਣਾ ਕੇਂਦਰ ਸਰਕਾਰ ਦਾ ਕੰਮ ਹੈ। ਇਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਦਲੀਲ ਬਹੁਤ ਹੀ ਮੰਨਣਯੋਗ ਹੈ ਕਿ ਪੰਜਾਬ ਵਿਚ ਸੰਸ਼ਲਿਸਟ (ਸਿੰਥਟੈਕਿਕ) ਨਸ਼ੇ ਵਿਕ ਰਹੇ ਹਨ, ਕਿਉਂਕਿ ਗੁਆਂਢੀ ਰਾਜਾਂ ਜਿਵੇਂ ਗੁਜਰਾਤ, ਰਾਜਸਥਾਨ ਤੇ ਜੰਮੂ ਕਸ਼ਮੀਰ ਦੀਆਂ ਹੱਦਾਂ ਵੀ ਪਾਕਿਸਤਾਨ ਨਾਲ ਲਗਦੀਆਂ ਹਨ, ਜਿੱਥੇ ਨਸ਼ਿਆਂ ਦੀ ਭਰਮਾਰ ਨਹੀਂ। ਇਸ ਲਈ ਪੰਜਾਬ ਸਰਕਾਰ ਇਨ੍ਹਾਂ ਦੀ ਵਿਕਰੀ ਲਈ ਜ਼ੁੰਮੇਵਾਰ ਹੈ।

          ਅੰਗ੍ਰੇਜ਼ੀ ਟ੍ਰਿਬਿਊਨ ਸਮੂਹ ਦੀਆਂ ਅਖ਼ਬਾਰਾਂ ਨੇ ਇਕ ਲੇਖ ਲੜੀ ਸ਼ੁਰੂ ਕੀਤੀ ਹੈ ਜਿਸ ਵਿਚ ਬਾਦਲ ਪ੍ਰਵਾਰ ਦੇ ਕਾਰੋਬਾਰਾਂ ਬਾਰੇ ਜਾਣਕਾਰੀ ਮਿਲਦੀ ਹੈ। ਇਸ ਨਾਲ ਵੀ ਸਰਕਾਰ ਵਿਰੋਧੀਆਂ ਨੂੰ ਸਰਕਾਰ ਵਿਰੁੱਧ ਬੋਲਣ ਦਾ ਮੌਕਾ ਦਿੱਤਾ ਹੈ। ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਵੀ ਸਰਕਾਰ ਵਿਰੁੱਧ ਝੰਡਾ ਚੁੱਕ ਰਹੇ ਹਨ। ਚੋਣਾਂ ਤੋਂ ਐਨ ਪਹਿਲਾਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਿਆ ਵਲੋਂ ਅਰੁਣ ਜੇਤਲੀ ਦੀ ਚੋਣ ਰੈਲੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਦੀ ਇਕ ਤੁਕ ਵਿਚ ਕੀਤੀ ਤਬਦੀਲੀ ਨੁੇ ਸਰਕਾਰ ਵਿਰੋਧੀ ਚਲ ਰਹੀ ਲਹਿਰ ਨੂੰ ਹੋਰ ਪ੍ਰਚੰਡ ਕਰ ਦਿੱਤਾ। ਸਾਰੀ ਦੁਨੀਆਂ ਵਿਚ ਸਿੱਖ ਸੰਸਥਾਵਾਂ ਨੇ ਉਨ੍ਹਾਂ ਵਿਰੁੱਧ ਝੰਡਾ ਚੁੱਕ ਲਿਆ ਹੈ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ ਉਨ੍ਹਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਸੰਬੰਧੀ ਅਜੇ ਫੈਸਲਾ ਲਿਆ ਜਾਣਾ ਹੈ।ਚੋਣ ਕਮਿਸ਼ਨ ਨੇ ਮਜੀਠਿਆ ਨੂੰ ਆਪਣੇ ਵੋਟ ਪਾਉਣ ਵਾਲੇ ਪੋਲਿੰਗ ਬੂਥ ਤੋਂ ਬਾਹਰ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ। ਉਸ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ।ਇਸ ਦਾ ਲਾਭ ਵਿਰੋਧੀਆਂ ਨੂੰ ਜਰੂਰ ਹੋਵੇਗਾ। ਚੋਣਾਂ ਤੋਂ ਐਨ ਪਹਿਲਾਂ ਵੱਖ ਵੱਖ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ’ ਖਿਤਾਬ ਵਾਪਸ ਲੈਣ ਦੀ ਮੰਗ ਵੀ ਅਕਾਲੀ-ਭਾਜਪਾ ਗਠਜੋੜ ਦੀਆਂ ਚੋਣਾਂ ਵਿਚ ਜ਼ਰੂਰ ਅਸਰ ਪਾਏਗੀ।

          ਪੰਜਾਬ ਵਿਚ ਆਮ ਪਾਰਟੀ ਇਕ ਤੀਜੀ ਧਿਰ ਬਣ ਕੇ ਉਭਰੀ ਹੈ। ਇਸ ਨੇ ਕਈ ਖੇਤਰਾਂ ਵਿਚ ਤਿਕੋਣਾਂ ਤੇ ਕਈਆਂ ਵਿਚ ਬਹੁ-ਕੋਣਾਂ ਮੁਕਾਬਲਾ ਬਣਾ ਦਿੱਤਾ ਹੈ। ਕਈ ਹਲਕਿਆਂ ਵਿਚ ਇਸ ਦੇ ਉਮੀਦਵਾਰ ਜਿੱਤਣ ਦਾ ਦਾਅਵਾ ਕਰ ਰਹੇ ਹਨ। ਜਿਨ੍ਹਾਂ ਹਲਕਿਆਂ ਵਿਚ ਇਸ ਦੇ ਉਮੀਦਵਾਰ ਜਿੱਤਦੇ ਨਹੀਂ, ਉੱਥੇ ਉਹ ਕਿਸ ਨੂੰ ਲਾਭ ਜਾਂ ਹਾਨੀ ਪਹੁੰਚਾਉਂਦੇ ਹਨ, ਇਹ 16 ਮਈ ਨੂੰ ਹੀ ਪਤਾ ਲਗੇਗਾ।

          ਇਸ ਚੋਣ ਵਿਚ 25 ਪ੍ਰਤੀਸ਼ਤ ਨੌਜੁਆਨ ਅਜਿਹੇ ਹਨ, ਜੋ ਪਹਿਲੀ ਵਾਰ ਵੋਟ ਪਾ ਰਹੇ ਹਨ। ਆਮ ਪਾਰਟੀ ਇਨ੍ਹਾਂ ਨਵੇਂ ਨੌਜੁਆਨ ਵੋਟਰਾਂ ਅਤੇ ਸੂਝਵਾਨ ਵੋਟਰਾਂ ਉਪਰ ਨਿਰਭਰ ਕਰ ਰਹੀ ਹੈ। ਇਹ ਪਾਰਟੀ ਭਾਰਤ ਵਿਚ ਤਬਦੀਲੀ ਲਿਆਉਣ ਵਾਲੀ ਪਾਰਟੀ ਵਜੋਂ ਉਭਰ ਰਹੀ ਹੈ। ਇਸ ਪਾਰਟੀ ਦੇ ਹਮਾਇਤੀ ਬਹੁਤ ਹੀ ਸੂਝਵਾਨ ਹਨ ਤੇ ਉਨ੍ਹਾਂ ਦਾ ਪ੍ਰਚਾਰ ਢੰਗ ਵੀ ਅਪਣਾ ਹੈ।

          ਕਾਂਗਰਸ ਤੇ ਭਾਜਪਾ ਵਲੋਂ ਆਪਣੇ ਹਮਾਇਤੀਆਂ ਨੂੰ ਕੌਡੀਆਂ ਭਾਅ ਜ਼ਮੀਨ ਦੇਣ ਦੇ ਆਪਾ ਵਿਰੋਧੀ ਜੋ ਦੋਸ਼ ਲਾਏ ਜਾ ਰਹੇ ਹਨ, ਇਸ ਦਾ ਲਾਭ ਆਮ ਪਾਰਟੀ ਨੂੰ ਹੋ ਰਿਹਾ ਹੈ। ਕਾਂਗਰਸ ਵਲੋਂ ਅਡਵਾਨੀ ਉਪਰ ਤੇ ਭਾਜਪਾ ਵਲੋਂ ਵਾਡਰਾ ਉਪਰ ਜੋ ਅਜਕਲ ਬਿਆਨਬਾਜੀ ਚਲ ਰਹੀ ਹੈ, ਉਸ ਤੋਂ ਹੁਣ ਆਮ ਆਦਮੀ ਇਹੋ ਸਮਝਣ ਲਗ ਪਿਆ ਹੈ ਕਿ ਇਹ ਪਾਰਟੀਆਂ ਆਪਣੇ ਚਹੇਤਿਆਂ ਨੂੰ ਕੌਡੀਆਂ ਭਾਅ ਜ਼ਮੀਨਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਲਾਭ ਦੇ ਰਹੀਆਂ ਹਨ ਪਰ ਆਮ ਆਦਮੀ ਲਈ ਕੁਝ ਨਹੀਂ ਕਰ ਰਹੀਆਂ।

          ਇਸ ਸਮੇਂ ਕਾਂਗਰਸ ਪਾਸ ਲੋਕ ਸਭਾ ਦੀਆਂ 8 ਅਕਾਲੀ ਦਲ ਪਾਸ 4 ਤੇ ਭਾਜਪਾ ਪਾਸ ਅੰਮ੍ਰਿਤਸਰ ਦੀ ਇਕੋ ਇਕ ਸੀਟ ਹੈ। ਇਸ ਤਰ੍ਹਾਂ ਹਾਕਮ ਅਕਾਲੀ-ਭਾਜਪਾ ਗਠਜੋੜ ਪਾਸ 5 ਸੀਟਾਂ ਹਨ। ਇਹ ਸਮਾਂ ਹੀ ਦੱਸੇਗਾ ਕਿ ਕੀ ਗਠਜੋੜ ਇਹ ਸੀਟਾਂ ਵਿਚ ਵਾਧਾ ਕਰਦਾ ਹੈ ਕਿ ਇਹ ਮੌਜੂਦਾ ਸੀਟਾਂ ਹੀ ਬਚਾਉਣ ਵਿਚ ਸਫਲ ਹੁੰਦਾ ਹੈ। ਆਮ ਪਾਰਟੀ ਕਿੰਨੀਆਂ ਸੀਟਾਂ ਖੜ੍ਹਦੀ ਹੈ ਤੇ ਵੱਖ ਵੱਖ ਪਾਰਟੀਆਂ ਨੂੰ ਕਿੰਨਾ ਖੋਰਾ ਲਾਉਂਦੀ ਹੈ, ਇਹ ਨਤੀਜਿਆਂ ਵਾਲੇ ਦਿਨ ਪਤਾ ਲੱਗੇਗਾ।

 

Translate »