ਅੰਮ੍ਰਿਤਸਰ 15 ਨਵੰਬਰ 2013:– ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਾਂਗ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੈਲਪ ਲਾਇਨ ਸ਼ੁਰੂ ਕੀਤੀ ਜਾਵੇ ਤਾਂ ਜੋ ਦੁਨੀਆਂ ਵਿਚ ਬੈਠਾ ਕੋਈ ਵੀ ਵਿਅਕਤੀ ਇੰਟਰਨੈੱਟ ਰਾਹੀਂ ਆਪਣੀ ਸ਼ਕਾਇਤ ਜਾਂ ਸੁਝਾਅ ਭੇਜ ਸਕੇ ਤੇ ਉਸ ਦੀ ਉਸੇ ਸਮੇਂ ਪਹੁੰਚ ਰਸੀਦ ਮਿਲ ਸਕੇ, ਜਿਸ ਵਿਚ ਬਕਾਇਦਾ ਰਜਿਸਟਰਡ ਨੰਬਰ ਲਿਖਿਆ ਹੋਵੇ।ਇਸ ਸਮੇਂ ਜਦ ਕੋਈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਨੂੰ ਈ ਮੇਲ ਭੇਜਦਾ ਹੈ ਤਾਂ ਉਸ ਨੂੰ ਇਹ ਨਹੀਂ ਪਤਾ ਲਗਦਾ ਕਿ ਉਸ ਦੀ ਈ ਮੇਲ ਮਿਲੀ ਵੀ ਹੈ ਜਾਂ ਨਹੀਂ ਅਤੇ ਨਾ ਹੀ ਕੋਈ ਉਸ ਨੂੰ ਜੁਆਬ ਭੇਜਦਾ ਹੈ।ਇਸ ਦਾ ਉਨ੍ਹਾਂ ਨੂੰ ਨਿਜੀ ਤਜਰਬਾ ਵੀ ਹੈ।
ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਹੈੱਲਪਲਾਈਨਾਂ ਵਾਂਗ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੈੱਲਪ ਲਾਇਨ ਬਣ ਜਾਵੇਗੀ ਤਾਂ ਪੱਤਰ ਭੇਜਣ ਵਾਲੇ ਨੂੰ ਇੰਟਰਨੈੱਟ ‘ਤੇ ਉਸੇ ਸਮੇਂ ਪੱਤਰ ਪ੍ਰਾਪਤ ਹੋਣ ਦਾ ਰਜਿਸਟਰਡ ਨੰਬਰ ਮਿਲ ਜਾਵੇਗਾ ਤੇ ਉਸ ਨੂੰ ਈ-ਮੇਲ ਵਖਰੀ ਜਾਵੇਗੀ ਕਿ ਤੁਹਾਡਾ ਪੱਤਰ ਮਿਲ ਗਿਆ ਹੈ,ਜਿਸ ਦਾ ਰਜਿਟਰਡ ਨੰਬਰ ਇਹ ਹੈ ।ਹੈੱਲਪ ਲਾਇਨ ਤੋਂ ਇਸ ਨੰਬਰ ਰਾਹੀ ਉਹ ਸਮੇਂ ਸਮੇ ਤੇਂ ਆਪਣੇ ਪੱਤਰ ਦੀ ਸਥਿਤੀ ਦਾ ਪਤਾ ਲਾ ਸਕਦਾ ਹੈ ਕਿ ਉਸ ਦੀ ਅਰਜ਼ੀ ਕਿਸ ਅਧਿਕਾਰੀ ਪਾਸ ਹੈ ਤੇ ਉਸ ਨੇ ਉਸ ਸਬੰਧੀ ਕੀ ਕਾਰਵਾਈ ਕੀਤੀ ਹੈ ਕਿਉਂਕਿ ਉਸ ਪਾਸ ਆਪਣਾ ਪਾਸਵਰਡ ਹੁੰਦਾ ਹੈ।ਇਸ ਨਾਲ ਸਮਾਂ ਵੀ ਬਚਦਾ ਹੈ, ਪੈਸੇ ਵੀ ਬਚਦੇ ਹਨ ਤੇ ਸਭ ਤੋਂ ਵਡੀ ਗਲ ਹੈ ਕਿ ਰਜਿਸਟਰਡ ਨੰਬਰ ਅਲਾਟ ਹੋਣ ਨਾਲ ਅਧਿਕਾਰੀ ਉਸ ਦਾ ਨਿਪਟਾਰਾ ਕਰਨ ਲਈ ਪਾਬੰਦ ਹੋ ਜਾਂਦੇ ਹਨ। ਸਾਰੀ ਦੁਨੀਆਂ ਦੇ ਵਿਕਸਤ ਦੇਸ਼ਾਂ ਵਿਚ ਇਹ ਵਿਵਸਥਾ ਹੈ।