ਅੰਮਿ੍ਰਤਸਰ: 02 ਜੁਲਾਈ- ਏਅਰ ਇੰਡੀਆ ਦੇ ਜਨਰਲ ਮੈਨੇਜਰ ਸ੍ਰੀ ਅਨਿਲ ਮਹਿਤਾ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਤਿੀ। ਇਸ ਮੌਕੇ ਉਨ੍ਹਾਂ ਦੇ ਨਲਾ ਸ੍ਰੀ ਸਸ਼ੀਕਾਂਤ ਕੌਂਡਲ ਸਟੇਸ਼ਨ ਮੈਨੇਜਰ ਤੇ ਸ.ਇਕਬਾਲ ਸਿੰਘ ਸਲੂਜਾ ਰੀਜਰਵੇਸ਼ਨ ਮੈਨੇਜਰ ਵੀ ਮੌਜੂਦ ਸਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ੍ਰੀ ਅਨਿਲ ਮਹਿਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਮਿਲਣ ਉਨ੍ਹਾਂ ਦੇ ਦਫਤਰ ਪੁੱਜੇ। ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਅਨਿਲ ਮਹਿਤਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ੍ਰੀ ਅਨਿਲ ਮਹਿਤਾ ਜਨਰਲ ਮੈਨੇਜਰ ਏਅਰ ਇੰਡੀਆ ਨੇ ਮਿਲੇ ਸਨਮਾਨ ਬਦਲੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਏਅਰ ਇੰਡੀਆ ਵੱਲੋਂ ਬੋਇੰਗ 787 ਬਿਲਕੁਲ ਨਵੇਂ ਜਹਾਜ ਨਾਲ ਸ੍ਰੀ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਏਅਰ ਪੋਰਟ (ਰਾਜਾਸਾਂਸੀ) ਤੋਂ ਵਾਇਆ ਦਿੱਲੀ, ਬਰਮਿੰਘਮ (ਇੰਗਲੈਂਡ) ਲਈ ਨਵੀਂ ਫਲਾਈਟ 1 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜੋ ਲੰਡਨ ਲਈ ਪਹਿਲਾਂ ਚੱਲ ਰਹੀਆਂ ਦੋ ਫਲਾਇਟਾਂ ਤੋਂ ਵੱਖਰੀ ਹੋਵੇਗੀ। ਸ੍ਰੀ ਮਹਿਤਾ ਨੇ ਕਿਹਾ ਕਿ ਇਹ ਫਲਾਇਟ ਭਾਰਤੀ ਸਮੇਂ ਅਨੁਸਾਰ ਸਵੇਰੇ 10.30 ਵਜੇ ਰਾਜਾਸਾਂਸੀ ਤੋਂ ਚੱਲੇਗੀ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾਂ ਵਿਦੇਸ਼ਾਂ ਤੋਂ ਬਹੁਤ ਸਾਰੀ ਸੰਗਤ ਆਉਂਦੀ ਹੈ। ਅੰਮਿ੍ਰਤਸਰ ਤੋਂ ਬਰਮਿੰਘਮ (ਇੰਗਲੈਂਡ) ਲਈ ਸਿੱਧੀ ਫਲਾਈਟ ਨਾਲ ਇੰਗਲੈਂਡ ਤੋਂ ਅੰਮਿ੍ਰਤਸਰ ਆਉਣ-ਜਾਣ ਲਈ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਫਲਾਈਟ ਦੇ ਸ਼ੁਰੂ ਹੋਣ ਵਪਾਰੀ ਵਰਗ ਨੂੰ ਵੀ ਕਾਫੀ ਸਹੂਲਤ ਹੋਵੇਗੀ।
ਇਸ ਮੌਕੇ ਸ.ਤਰਲੋਚਨ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਤੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ ਵੀ ਮੌਜੂਦ ਸਨ।
ਨੰ:3086/02-07-13 (ਕੁਲਵਿੰਦਰ ਸਿੰਘ ‘ਰਮਦਾਸ’)