ਬਠਿੰਡਾ, ੨੨ ਫਰਵਰੀ -ਪੰਜਾਬ ਵਿਧਾਨ ਸਭਾ ਚੋਣਾਂ-2012 ਦੀ 6 ਮਾਰਚ ਨੂੰ ਹੋ ਰਹੀ ਵੋਟਾਂ ਦੀ ਗਿਣਤੀ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਤਹਿਤ ਮਿਲੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 6 ਮਾਰਚ 2012 ਨੂੰ ਬਠਿੰਡਾ ਜ਼ਿਲ੍ਹੇ ‘ਚ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਵੇਚਣ, ਪਰੋਸਣ ਜਾਂ ਵੰਡਣ ‘ਤੇ ਪਾਬੰਦੀ ਦੇ ਆਦੇਸ਼ ਜਾਰੀ ਕਰਦਿਆਂ ਇਸ ਦਿਨ ਨੂੰ ‘ਡਰਾਈ ਡੇਅ’ ਐਲਾਨਿਆ ਹੈ। ਇਸ ਸਮੇਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਇਸ ਦਿਨ ਕਿਸੇ ਵੀ ਠੇਕੇ, ਹੋਟਲ, ਰੈਸਟੋਰੈਂਟ, ਕਲੱਬ, ਅਹਾਤੇ, ਢਾਬੇ, ਦੁਕਾਨ ਜਾਂ ਕਿਸੇ ਵੀ ਹੋਰ ਥਾਂ (ਜਨਤਕ ਜਾਂ ਪ੍ਰਾਈਵੇਟ) ‘ਤੇ ਸ਼ਰਾਬ ਜਾਂ ਇਸ ਵਰਗੇ ਕਿਸੇ ਵੀ ਨਸ਼ੀਲੇ ਪੇਅ ਪਦਾਰਥ ਵੇਚਣ, ਪਰੋਸਣ ਜਾਂ ਵੰਡਣ ‘ਤੇ ਪਾਬੰਦੀ ਹੋਵੇਗੀ। ਇਸ ਦੌਰਾਨ ਵਿਅਕਤੀਗਤ ਤੌਰ ‘ਤੇ ਕੋਈ ਵੀ ਸ਼ਰਾਬ ਦਾ ਭੰਡਾਰ ਨਹੀਂ ਕਰ ਸਕੇਗਾ।