ਲੁਧਿਆਣਾ : 6 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੌਦਾ ਰੋਗ ਵਿਗਿਆਨ ਵੱਲੋਂ ਵੱਖ ਵੱਖ ਜ਼ਿਲਿ•ਆਂ ਦੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਨੀਮ ਪਹਾੜੀ ਜ਼ਿਲਿ•ਆਂ ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿ•ਆਂ ਵਿੱਚ ਕਣਕ ਦੀ ਪੀਲੀ ਕੁੰਗੀ ਦਾ ਹਮਲਾ ਹੋ ਗਿਆ ਹੈ। ਰੋਪੜ ਜ਼ਿਲ•ੇ ਦੇ ਪਿੰਡ ਪੱਟੀ, ਢੇਰ, ਸੂਰੇਵਾਲ, ਫਤਿਹਪੁਰ, ਦੌਲਾ ਟੱਪਰੀਆ, ਫਤਿਹਗੜ• ਵੀਰਾਂ, ਰਸੀਦਪੁਰ ਅਤੇ ਫਤਿਹ ਮੰਡ, ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡਾਂ ਛਦੌੜੀ ਅਤੇ ਜਗਤਪੁਰ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ•ੇ ਦੇ ਪਿੰਡਾਂ ਬਾਘ ਪੁਰ ਅਤੇ ਭੁੰਗਾ ਬਲਾਕ ਵਿੱਚ ਇਹ ਰੋਗ ਵਧ ਰਿਹਾ ਹੈ। ਮੌਸਮ ਵਿੱਚ ਕੁਝ ਕੁ ਤਬਦੀਲੀ ਆਉਣ ਨਾਲ ਪੀਲੀ ਕੁੰਗੀ ਖੇਤਾਂ ਵਿੱਚ ਪ੍ਰਤੱਖ ਤੌਰ ਤੇ ਦਿਸਣ ਲੱਗ ਪਈ ਹੈ ਅਤੇ ਇਸ ਦਾ ਹਮਲਾ ਨਾਲ ਲਗਦੇ ਖੇਤਾਂ ਤੇ ਵੀ ਹੋ ਸਕਦਾ ਹੈ।
ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ: ਤਰਲੋਚਨ ਸਿੰਘ ਥਿੰਦ ਅਤੇ ਸੀਨੀਅਰ ਪਸਾਰ ਮਾਹਿਰ ਡਾ: ਚੰਦਰ ਮੋਹਨ ਨੇ ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਮੇਂ ਸਮੇਂ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਫ਼ਸਲ ਤੇ ਨਜ਼ਰ ਆਉਣ ਤਾਂ ਟਿਲਟ/ਸ਼ਾਈਨ/ਬੰਪਰ ਜਾਂ ਫੋਲੀਕਰ ਜਾਂ ਬੈਲੇਟਾਨ 200 ਮਿਲੀਲਿਟਰ ਦਵਾਈ 200 ਲਿਟਰ ਪਾਣੀ ਵਿੱਚ ਘੋਲ ਕੇ ਖੇਤਾਂ ਵਿੱਚ ਛਿੜਕਣ ਤਾਂ ਜੋ ਪੀਲੀ ਕੁੰਗੀ ਦੇ ਵਾਧੇ ਨੂੰ ਉਥੇ ਹੀ ਰੋਕਿਆ ਜਾ ਸਕੇ।
ਮਾਹਿਰਾਂ ਨੇ ਦੱਸਿਆ ਕਿ ਕਣਕ ਦੀ ਪੀਲੀ ਕੁੰਗੀ ਰੋਗ ਨਾਲ ਝਾੜ ਤੇ ਮੰਦਾ ਅਸਰ ਪੈਂਦਾ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਇਹ ਰੋਗ ਨੀਮ ਪਹਾੜੀ ਇਲਾਕਿਆਂ ਵਿੱਚ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਇਸ ਰੋਗ ਨਾਲ ਪੱਤਿਆਂ ਉੱਤੇ ਪੀਲੇ ਰੰਗ ਦੀਆਂ ਧੂੜੇਦਾਰ ਧਾਰੀਆਂ ਬਣ ਜਾਂਦੀਆਂ ਹਨ ਅਤੇ ਜੇਕਰ ਬੀਮਾਰੀ ਵਾਲੇ ਪੱਤੇ ਨੂੰ ਹੱਥ ਨਾਲ ਛੋਹਿਆ ਜਾਵੇ ਤਾਂ ਪੀਲਾ ਧੂੜਾ ਹੱਥਾਂ ਤੇ ਲੱਗ ਜਾਂਦਾ ਹੈ।