ਪਟਿਆਲਾ, 15 ਦਸੰਬਰ : ” ਪੰਜਾਬ ਸਰਕਾਰ ਵੱਲੋਂ ਰੇਤੇ ਦੀ ਵਿਕਰੀ ਕਰਨ ਲਈ ਨਿਰਧਾਰਿਤ ਕੀਤੇ ਗਏ ਮੁੱਲ ਤੋਂ ਵੱਧ ਕੀਮਤਾਂ ਵਸੂਲਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਠੇਕੇਦਾਰਾਂ, ਰੇਤੇ ਦੀ ਵਿਕਰੀ ਕਰਨ ਵਾਲੇ ਵਪਾਰੀਆਂ ਅਤੇ ਟਰੈਕਟਰ-ਟਰਾਲੀ, ਟਰੱਕ ਅਤੇ ਟਿੱਪਰ ਮਾਲਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ । ” ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਫੌਜਦਾਰੀ ਜ਼ਾਬਤਾ, ਸੰਘਤਾ 1973 (2 ਆਫ 1974 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਆਦੇਸ਼ ਜਾਰੀ ਕੀਤੇ ਹਨ । ਸ਼੍ਰੀ ਗਰਗ ਨੇ ਪਟਿਆਲਾ ਜ਼ਿਲ੍ਹੇ ਦੀਆਂ 8 ਖੱਡਾਂ ਅਤੇ 6 ਵਿਕਰੀ ਕੇਂਦਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਮੁੱਲ ਤੋਂ ਵੱਧ ਮੁੱਲ ‘ਤੇ ਰੇਤੇ ਦੀ ਵਿਕਰੀ ਕਰਨ ‘ਤੇ 12 ਫਰਵਰੀ 2012 ਤੱਕ ਪੂਰਨ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ । ਉਨ੍ਹਾਂ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਕੁਝ ਠੇਕੇਦਾਰਾਂ, ਰੇਤੇ ਦੀ ਵਿਕਰੀ ਕਰਨ ਵਾਲੇ ਵਪਾਰੀਆਂ ਅਤੇ ਟਰੈਕਟਰ-ਟਰਾਲੀ/ਟਰੱਕ/ਟਿੱਪਰ ਮਾਲਕਾਂ ਵੱਲੋਂ ਆਮ ਜਨਤਾ ਕੋਲੋਂ ਰੇਤੇ ਦੀਆਂ ਵੱਧ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਵਿੱਚ ਰੋਸ ਪੈਦਾ ਹੁੰਦਾ ਹੈ ਅਤੇ ਕਿਸੇ ਵੀ ਸਮੇਂ ਤਣਾਅ ਵਾਲੀ ਸਥਿਤੀ ਪੈਦਾ ਹੋਣ ਨਾਲ ਅਮਨ-ਕਾਨੂੰਨ ਖਤਰੇ ਵਿੱਚ ਪੈ ਸਕਦਾ ਹੈ ।
ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਗਰਗ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੀਆਂ 8 ਖੱਡਾਂ ਵਿੱਚ ਰੇਤੇ ਦੀ ਕੀਮਤ ਪ੍ਰਤੀ 100 ਕਿਊਬਿਕ ਫੁੱਟ ਸਮੇਤ ਭਰਾਈ ਅਤੇ ਜ਼ਮੀਨ ਮਾਲਕ ਦੇ ਮਾਲਕਾਨੇ ਤਹਿਤ ਨਿਰਧਾਰਿਤ ਕੀਤੀ ਗਈ ਹੈ ਜਿਸ ਤਹਿਤ ਤਹਿਸੀਲ ਪਟਿਆਲਾ ਦੀਆਂ ਖੱਡਾਂ ਬਡਲਾ ਅਤੇ ਬਰਕਤਪੁਰ ਵਿਖੇ 294 ਰੁਪਏ ਪ੍ਰਤੀ 100 ਕਿਊਬਿਕ ਫੁੱਟ ਜਦਕਿ ਸ਼ੇਖੂਪੁਰ, ਬਡਲੀ ਅਤੇ ਭਸਮੜਾ ਦੀਆਂ ਖੱਡਾਂ ਵਿਖੇ 295 ਰੁਪਏ ਦੇ ਹਿਸਾਬ ਨਾਲ ਰੇਤੇ ਦੀ ਵਿਕਰੀ ਹੋਵੇਗੀ । ਇਸ ਤੋਂ ਇਲਾਵਾ ਤਹਿਸੀਲ ਰਾਜਪੁਰਾ ਦੀਆਂ ਰਾਮਪੁਰ ਤੇ ਸੌਂਟਾ ਖੱਡਾਂ ਵਿੱਚ 294 ਰੁਪਏ ਅਤੇ ਸ਼ਮਸ਼ਪੁਰ ਵਿਖੇ 295 ਰੁਪਏ ਨਿਰਧਾਰਿਤ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਰੇਤੇ ਦੀ ਵਿਕਰੀ ਲਈ ਪਟਿਆਲਾ ਵਿਖੇ 6 ਵਿਕਰੀ ਕੇਂਦਰ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਟਿਆਲਾ-ਰਾਜਪੁਰਾ ਬਾਈਪਾਸ ‘ਤੇ ਵਿਰਕ ਕਲੋਨੀ ਅਤੇ ਟਰੱਕ ਯੂਨੀਅਨ ਪਟਿਆਲਾ ਦੇ ਵਿਕਰੀ ਕੇਂਦਰਾਂ ਵਿੱਚ ਰੇਤੇ ਦਾ ਮੁੱਲ ਪ੍ਰਤੀ 100 ਕਿਊਬਿਕ ਫੁੱਟ ਟਰਾਂਸਪੋਰਟ ਦੇ ਖਰਚੇ ਸਮੇਤ 440 ਰੁਪਏ, ਰਾਜਪੁਰਾ ਵਿਖੇ ਅਨਾਜ ਮੰਡੀ ਦੇ ਨਾਲ 370 ਰੁਪਏ, ਸਮਾਣਾ ਵਿਖੇ ਅੰਬੇਦਕਰ ਚੌਂਕ ‘ਚ 540 ਰੁਪਏ, ਪਾਤੜਾਂ ਦੇ ਜਾਖਲ ਰੋਡ ਵਿਖੇ 640 ਰੁਪਏ ਅਤੇ ਨਾਭਾ ਦੇ ਸਰਕੂਲਰ ਰੋਡ ਦੇ ਵਿਕਰੀ ਕੇਂਦਰ ਵਿੱਚ 600 ਰੁਪਏ ਪ੍ਰਤੀ 100 ਕਿਊਬਿਕ ਫੁੱਟ ਭਾਅ ਤੈਅ ਕੀਤਾ ਗਿਆ ਹੈ । ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਜਾਰੀ ਕੀਤੀ ਹੈ ਕਿ ਖੱਡ ਵਿਖੇ ਅਤੇ ਨਿਰਧਾਰਿਤ ਵਿਕਰੀ ਕੇਂਦਰਾਂ ਵਿਖੇ ਕਿਸੇ ਵੀ ਠੇਕੇਦਾਰ, ਟਰੈਕਟਰ-ਟਰਾਲੀ, ਟਰੱਕ ਅਤੇ ਟਿੱਪਰ ਮਾਲਕ ਵੱਲੋਂ ਸਰਕਾਰ ਦੁਆਰਾ ਤੈਅ ਕੀਤੇ ਰੇਟ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਸਥਾਨਾਂ ‘ਤੇ ਜੇ ਕੋਈ ਵਿਅਕਤੀ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਤੋਂ ਵੱਧ ਰੇਟ ਵਸੂਲਦਾ ਹੈ ਤਾਂ ਇਸ ਸਬੰਧੀ ਮਾਈਨਿੰਗ ਅਫਸਰ ਜ਼ਿਲ੍ਹਾ ਉਦਯੋਗ ਕੇਂਦਰ ਪਟਿਆਲਾ ਦੇ ਦਫ਼ਤਰ ਦੇ ਟੈਲੀਫੋਨ ਨੰਬਰ 0175-2357333 ਅਤੇ ਮਾਈਨਿੰਗ ਵਿਭਾਗ ਦੇ ਫੰਕਸ਼ਨਲ ਮੈਨੇਜਰ ਸ਼੍ਰੀ ਹਰਦੇਵ ਸਿੰਘ ਦੇ ਮੋਬਾਇਲ ਨੰਬਰ 93178-60006 ‘ਤੇ ਸੂਚਿਤ ਕੀਤਾ ਜਾ ਸਕਦਾ ਹੈ । ਸ਼੍ਰੀ ਗਰਗ ਨੇ ਮਾਈਨਿੰਗ ਅਫਸਰ ਪਟਿਆਲਾ ਨੂੰ ਪੁਲਿਸ ਵਿਭਾਗ ਨਾਲ ਤਾਲਮੇਲ ਰੱਖਕੇ ਇਨ੍ਹਾਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ ।