ਜਗਤਾਰ ਸਿੰਘ ਧੀਮਾਨ, ਨਿਰਮਲ ਜੌੜਾ
ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ
ਅੱਜ ਦੀ ਖੇਤੀ ‘ਕਰਮਾ ਖੇਤੀ’ ਨਾਲੋਂ ‘ਅਕਲਾਂ ਖੇਤੀ’ ਜ਼ਿਆਦਾ ਹੈ ਕਿਉਂਕਿ ਰੱਜ ਕੇ ਵਾਹੁਣ ਨਾਲੋਂ ਅਕਲ ਨਾਲ ਵਾਹ ਕੇ ਹੀ ਅੱਜ ਦਾ ਕਿਸਾਨ ਸਮੇਂ ਦੇ ਹਾਣ ਦਾ ਬਣ ਸਕਦਾ ਹੈ। ਅਜੋਕੇ ਦੌਰ ਵਿੱਚ ਖੇਤੀਬਾੜੀ ਖੋਜ, ਸਿੱਖਿਆ ਅਤੇ ਪਸਾਰ ਤਕਨੀਕਾਂ ਵਿੱਚ ਆਈਆਂ ਇਨਕਲਾਬੀ ਤਬਦੀਲੀਆਂ ਨੇ ਕਿਸਾਨੀ ਸਰੋਕਾਰਾਂ ਨੂੰ ਬਦਲ ਕੇ ਰੱਖ ਦਿਤਾ ਹੈ । ਕਿਸਾਨ ਦਾ ਮੁਕਾਬਲਾ ਪਿੰਡ, ਸ਼ਹਿਰ, ਸੂਬੇ ਜਾਂ ਦੇਸ਼ ਵਿੱਚ ਹੀ ਨਹੀਂ ਸਗੋਂ ਵਿਸ਼ਵ ਪੱਧਰ ਤੇ ਹੈ, ਵਿਸ਼ਵੀਕਰਣ ਦੇ ਇਸ ਦੌਰ ਵਿੱਚ ਉਹੀ ਕਿਸਾਨ, ਕਿਸਾਨੀ ਕਿੱਤੇ ਨੂੰ ਲਾਹੇਵੰਦ ਬਣਾ ਸਕਦਾ ਹੈ ਜੋ ਹਰ ਪੱਖੋਂ ਸੁਚੇਤ ਹੈ, ਜਿਸ ਕੋਲ ਦੁਨੀਆਂ ਵਿੱਚ ਵਾਪਰ ਰਹੇ ਖੇਤੀ ਕਾਰਜਾਂ ਬਾਰੇ ਜਾਣਕਾਰੀ ਹੈ, ਜਿਸ ਨੇ ਆਪਣੀ ਲਿਆਕਤ ਦੇ ਦਾਇਰੇ ਨੂੰ ਵਿਗਿਆਨਕ ਅਤੇ ਵਪਾਰਕ ਪੱਧਰ ਤੇ ਵਿਸ਼ਾਲ ਕੀਤਾ ਹੈ । ਇਹੀ ਕਾਰਣ ਹੈ ਕਿ ਸਾਡੇ ਅਗਾਂਹਵਧੂ ਕਿਸਾਨ ਵੀਰ ਖੇਤੀ ਵਿਗਿਆਨੀਆਂ ਅਤੇ ਖੇਤੀ ਸਾਹਿਤ ਨਾਲ ਲਗਾਤਾਰ ਸੰਪਰਕ ਰੱਖਦੇ ਹਨ । ਖੇਤੀ ਵਿਗਿਆਨੀਆਂ ਅਤੇ ਖੇਤੀ ਸਾਹਿਤ ਰਾਹੀਂ ਕਿਸਾਨ ਨਵੀਆਂ ਖੋਜਾਂ, ਤਕਨੀਕਾਂ, ਸਿਫ਼ਾਰਸ਼ਾਂ ਤੋਂ ਜਾਣੂ ਹੁੰਦਾ ਹੈ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੀਆਂ ਖੋਜਾਂ ਅਤੇ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਣ ਲਈ ਸਾਰਥਕ ਉਪਰਾਲੇ ਕਰਦੀ ਹੈ । ਇਸ ਯੂਨੀਵਰਸਿਟੀ ਦਾ ਕਿਸਾਨਾਂ ਨਾਲ ਰਿਸ਼ਤਾ ਬੜਾ ਹੀ ਪਰਪਕ ਅਤੇ ਅਸਰਦਾਰ ਹੈ । ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਖੇਤੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਉਪਰ ਕਿਤਾਬਾਂ ਛਾਪੀਆ ਜਾਂਦੀਆਂ ਹਨ, ਸੀ.ਡੀਜ਼, ਕੈਸਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਮਹੀਨਾ ਵਾਰ ਰਸਾਲੇ ਪ੍ਰਕਾਸ਼ਤ ਕੀਤੇ ਜਾਂਦੇ ਹਨ। ਖੇਤੀ ਸਾਹਿਤ ਦੀ ਹਰ ਸਾਲ ਹੁੰਦੀ ਵਿਕਰੀ ਵਿੱਚ ਹੋ ਰਿਹਾ ਵਾਧਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦਾ ਕਿਸਾਨ ਖੇਤੀ ਸਾਹਿਤ ਵੱਲ ਰੁਚੀ ਵਧਾ ਰਿਹਾ ਹੈ । ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਖੇਤੀ ਅਤੇ ਘਰੇਲੂ ਕੰਮਾਂ ਵਿੱਚ ਸਿਖਿਅਤ ਕਰਨ ਲਈ ਵਖ-ਵਖ ਵਿਸ਼ਿਆਂ ਤੇ ਯੂਨੀਵਰਸਿਟੀ ਨੇ ਕਿਤਾਬਾਂ ਛਾਪੀਆਂ ਹਨ ਜੋ ਲਾਗਤ ਮੁਲ ਤੇ ਕਿਸਾਨਾਂ ਤੱਕ ਪਹੁੰਚਦਾ ਕਰਨਾ ਯੂਨੀਵਰਸਿਟੀ ਆਪਣਾ ਫਰਜ਼ ਸਮਝਦੀ ਹੈ ।
ਯੂਨੀਵਰਸਿਟੀ ਵੱਲੋਂ ਹਰ ਮਹੀਨੇ ‘ਚੰਗੀ ਖੇਤੀ’ ਅਤੇ ‘ਪ੍ਰੋਗ੍ਰੈਸਿਵ ਫਾਰਮਿੰਗ’ (ਅੰਗਰੇਜ਼ੀ) ਰਸਾਲੇ ਛਾਪੇ ਜਾਂਦੇ ਹਨ ਜਿਨ੍ਹਾਂ ਵਿੱਚ ਖੇਤੀ ਵਿਗਿਆਨੀਆਂ ਵੱਲੋਂ ਸਮੇਂ ਅਨੁਸਾਰ ਲਿਖੇ ਲੇਖ, ਖੇਤੀ ਰੁਝੇਵੇਂ ਅਤੇ ਯੂਨੀਵਰਸਿਟੀ ਵੱਲੋਂ ਕਰਵਾਏ ਜਾਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਬਾਕੀ ਕਿਤਾਬਾਂ ਵੀ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਵੀ ਪ੍ਰਕਾਸ਼ਤ ਹੁੰਦੀਆਂ ਹਨ । ਖੇਤੀ ਰਸਾਲਿਆਂ ਲਈ ਸਾਰੇ ਸਾਲ ਦੀ ਯੋਜਨਾ ਪਹਿਲਾਂ ਹੀ ਤਿਆਰ ਕਰ ਲਈ ਜਾਂਦੀ ਹੈ ਕਿ ਕਿਹੜੇ ਮਹੀਨੇ ਕਿਹੜੇ ਵਿਸ਼ੇ ਉਪਰ ਲੇਖ ਛਾਪੇ ਜਾਣਗੇ, ਜਿਸ ਤਰ੍ਹਾਂ ਗ੍ਰਹਿ ਵਿਗਿਆਨ, ਬਾਗ਼ਬਾਨੀ, ਸਬਜ਼ੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਪਸ਼ੂ ਪਾਲਣ, ਭੂਮੀ ਅਤੇ ਪਾਣੀ ਸੰਬੰਧੀ, ਫ਼ਸਲਾਂ ਦੀਆਂ ਬੀਮਾਰੀਆਂ ਅਤੇ ਕੀੜੇ ਮਕੌੜਿਆਂ ਬਾਰੇ ।
ਹਾੜ੍ਹੀ ਸਾਉਣੀ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਸਬੰਧੀ ਵੱਖਰੇ ਵਡ ਅਕਾਰੀ ਰਸਾਲੇ ਵੀ ਛਾਪੇ ਜਾਂਦੇ ਹਨ । ਯੂਨੀਵਰਸਿਟੀ ਕੋਲ ਕਿਸਾਨ ਮੇਲਿਆਂ ਜਾਂ ਕਿਸਾਨਾਂ ਦੇ ਹੋਰ ਤਕਨੀਕੀ ਸਮਾਗਮਾਂ ਤੇ ਖੇਤੀ ਸਾਹਿਤ ਦੀ ਵਿਕਰੀ ਲਈ ਇੱਕ ਬਹੁਤ ਵਧੀਆ ਮੋਬਾਈਲ ਵਿਕਰੀ ਕੇਂਦਰ ਦੇ ਤੌਰ ਤੇ ਪ੍ਰਦਰਸ਼ਨੀ ਗੱਡੀ ਦੀ ਸਹੂਲਤ ਵੀ ਹੈ । ਪਿਛਲੇ ਪੰਜ ਸਾਲਾਂ ਵਿੱਚ ਖੇਤੀ ਸਾਹਿਤ ਦੀ ਵਿਕਰੀ ਦੁਗਣੀ ਹੋ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਸਾਨਾਂ ਦਾ ਖੇਤੀ ਸਾਹਿਤ ਵੱਲ ਰੁਝਾਨ ਵੱਧ ਰਿਹਾ ਹੈ ।
ਹਰ ਸਾਲ ਜਾਂ ਕੁਝ ਵਕਫ਼ੇ ਬਾਅਦ ਨਵੀਆਂ ਕਿਸਮਾਂ ਜਾਂ ਨਵੀਆਂ ਤਕਨੀਕਾਂ ਦੇ ਵਿਕਸਤ ਹੋਣ ਕਰਕੇ ਯੂਨੀਵਰਸਿਟੀ ਵੱਲੋਂ ਖੇਤੀ ਸਾਹਿਤ ਵੀ ਨਾਲ ਦੀ ਨਾਲ ਨਵੇਂ ਰੂਪ ਵਿੱਚ ਛਾਪਿਆ ਜਾਂਦਾ ਹੈ ਤਾਂ ਕਿ ਬਿਲਕੁਲ ਨਵੀਂ ਜਾਣਕਾਰੀ ਕਿਸਾਨਾਂ ਤੱਕ ਪਹੁੰਚਦੀ ਹੋਵੇ । ਯੂਨੀਵਰਸਿਟੀ ਵੱਲੋਂ ਛਾਪੀਆਂ ਇਹ ਕਿਤਾਬਾਂ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਜਾਂ ਕਿਸਾਨ ਸੇਵਾ ਕੇਂਦਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ । ਇਸੇ ਤਰ੍ਹਾਂ ਵੱਖ-ਵੱਖ ਜ਼ਿਲਿਆਂ ਤੇ ਸਥਾਪਤ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਵੀ ਕਿਸਾਨ ਕਿਤਾਬਾਂ ਲੈ ਸਕਦੇ ਹਨ ਅਤੇ ਰਸਾਲਿਆਂ ਦੇ ਮੈਂਬਰ ਬਣ ਸਕਦੇ ਹਨ । ਡਾਕ ਰਾਹੀਂ ਕਿਤਾਬਾਂ ਮੰਗਵਾਉਣ ਲਈ ਬਿਜਨੈਸ ਮੈਨੇਜਰ, ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਪੀ.ਏ.ਯੂ. ਲੁਧਿਆਣਾ ਨੂੰ ਮਨੀ ਆਰਡਰ ਭੇਜ ਕੇ ਮੰਗਵਾਈਆਂ ਜਾ ਸਕਦੀਆਂ ਹਨ ਕਿਸੇ ਕਿਸਮ ਦਾ ਡਾਕ ਖਰਚ ਨਹੀਂ ਲਿਆ ਜਾਂਦਾ ।
ਖੇਤੀ ਸਾਹਿਤ ਕਿਸਾਨ ਦਾ ਸਭ ਤੋਂ ਨੇੜਲਾ ਅਤੇ ਭਰੋਸੇਯੋਗ ਮਿੱਤਰ ਹੈ, ਜਿਸ ਦੀ ਮਿੱਤਰਤਾ ਖੇਤੀ ਕਿੱਤੇ ਵਿੱਚ ਸਹਾਈ ਹੁੰਦੀ ਹੈ। ਕਿਤਾਬਾਂ ਪੜੋ, ਗਿਆਨ ਵਧਾਓ ।