ਹੁਸ਼ਿਆਰਪੁਰ – ਪੰਜਾਬ ਸਰਕਾਰ ਵੱਲੋਂ ਦੂਜਾ ਵਿਸ਼ਵ ਕੱਪ ਕਬੱਡੀ 1 ਨਵੰਬਰ ਤੋਂ 20 ਨਵੰਬਰ 2011 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ 14 ਨਵੰਬਰ ਨੂੰ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਚਾਰ ਮੈਚ ਖੇਡੇ ਜਾਣਗੇ। ਇਨ੍ਹਾਂ ਕਬੱਡੀ ਮੈਚਾਂ ਨੂੰ ਸੁਚੱਜੇ ਢੰਗ ਨਾਲ ਕਰਾਉਣ ਲਈ ਅੱਜ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ, ਰਣਜੀਤ ਕੌਰ ਐਸ ਡੀ ਐਮ ਗੜ੍ਹਸ਼ੰਕਰ, ਪੀ ਪੀ ਸਿੰਘ ਐਸ ਡੀ ਐਮ ਦਸੂਹਾ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਵਿਜੇ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ, ਕੁਲਦੀਪ ਸਿੰਘ ਡਿਪਟੀ ਜ਼ਿਲ੍ਹਾ ਖੇਡ ਅਫ਼ਸਰ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਸ੍ਰੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੂਜਾ ਵਿਸ਼ਵ ਕੱਪ ਕਬੱਡੀ-2011 ਦੇ ਸਬੰਧ ਵਿੱਚ 4 ਵਿਸ਼ੇਸ਼ ਮੈਚ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ 14 ਨਵੰਬਰ 2011 ਨੂੰ ਕਰਵਾਏ ਜਾਣਗੇ। ਜਿਨ੍ਹਾਂ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾਵਾਂ ਦਾ ਇੱਕ ਮੈਚ ਖੇਡਿਆ ਜਾਵੇਗਾ ਜਦਕਿ ਅਰਜਨਟੀਨਾ ਅਤੇ ਸਪੇਨ, ਇੱਟਲੀ ਅਤੇ ਨਾਰਵੇ, ਯੂ.ਐਸ.ਏ. ਅਤੇ ਜਰਮਨੀ ਦਰਮਿਆਨ ਪੁਰਸ਼ਾਂ ਦੇ ਤਿੰਨ ਮੈਚ ਖੇਡੇ ਜਾਣਗੇ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਸਾਰੇ ਪ੍ਰਬੰਧ ਜਲਦੀ ਮੁਕੰਮਲ ਕੀਤੇ ਜਾਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਊਟਡੋਰ ਸਟੇਡੀਅਮ ਦੀ ਚਲ ਰਹੀ ਉਸਾਰੀ ਦਾ ਕੰਮ 31 ਅਕਤੂਬਰ ਤੱਕ ਮੁਕੰਮਲ ਕੀਤਾ ਜਾਵੇ। ਇਸ ਮੌਕੇ ਤੇ ਉਨ੍ਹਾਂ ਨੇ ਆਊਟਡੋਰ ਸਟੇਡੀਅਮ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਇਨ੍ਹਾਂ ਮੈਚਾਂ ਨੂੰ ਸੁਚੱਜੇ ਢੰਗ ਨਾਲ ਕਰਾਉਣ ਲਈ ਸਬੰਧਤ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ਦੀ ਹਦਾਇਤ ਕੀਤੀ।