ਸ੍ਰੀ ਅੰਮ੍ਰਿਤਸਰ (ਬਲਵਿੰਦਰ ਸਿੰਘ ਪ੍ਰਿੰਸੀਪਲ)- ਅੱਜ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ. ਸੈਕੰ. ਸਕੂਲ, ਸ੍ਰੀ ਅੰਮ੍ਰਿਤਸਰ ਵਿੱਚ ਏਸੇ ਸਕੂਲ ਤੋਂ ੧੯੪੮ ਅਤੇ ਉਸ ਤੋਂ ਬਾਅਦ ਦੇ ਬੈਚ ਦੇ ਵਿਦਿਆਰਥੀਆਂ ਦਾ ਇੱਕਠ ਹੋਇਆ। ਜਿਸ ਦਾ ਉਪਰਾਲਾ ਸਕੂਲ ਦਾ ਦੇ ਪ੍ਰਿੰਸੀਪਲ ਸ੍ਰ. ਬਲਵਿੰਦਰ ਸਿੰਘ ਨੇ ਕੀਤਾ ਅੱਜ ਦੀ ਇਸ ਮਿਲਣੀ ਵਿੱਚ ਸ੍ਰ. ਨਿਰਪਇੰਦਰ ਸਿੰਘ, ਸਾਬਕਾ ਪ੍ਰਿੰਸੀਪਲ ਸੈਕਟਰੀ ਹਾਇਰ ਐਜ਼ੂਕੇਸ਼ਨ, ਸ੍ਰ. ਲਾਲ ਸਿੰਘ ਸਾਬਕਾ ਚੀਫ ਇੰਜ਼. ਮਰਚੈਂਟ ਨੇਵੀ, ਪ੍ਰੋ. ਮੋਹਣ ਸਿੰਘ, ਡਾ. ਭਜਨ ਸਿੰਘ ਲਾਰਕ ਸਾਬਕਾ ਹੈਡ ਕੈਮਿਸਟਰੀ ਡਿਪਾਰਟਮੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰ. ਭੁਪਿੰਦਰ ਸਿੰਘ ਵਾਲੀਆ ਸਾਬਕਾ ਅੰਡਰ ਸੈਕਟਰੀ ਬਿਜਲੀ ਬੋਰਡ, ਲੈਫ. ਕਰਨਲ (ਰਿਟਾ.) ਸ੍ਰ. ਤਰਲੋਚਨ ਸਿੰਘ, ਗਿਆਨੀ ਹਰੀ ਸਿੰਘ , ਸ੍ਰ. ਕੁਲਦੀਪ ਸਿੰਘ ਐਲ. ਆਈ.ਸੀ. ਅਤੇ ਹੋਰ ਹਾਜ਼ਰ ਸਨ। ਅੱਜ ਦੀ ਇਸ ਪ੍ਰੇਮ ਮਿਲਣੀ ਵਿਚ ਆਪਣੀਆਂ ਖੱਟੀਆ ਮਿਠੀਆਂ ਯਾਦਾਂ ਸਾਝੀਆਂ ਕਰਦੇ ਹੋਏ ਬਹੁਤੇ ਮੈਂਬਰ ਭਾਵੁਕ ਹੋ ਉਠੇ ਅਤੇ ਇਸ ਸੰਸਥਾ ਨੂੰ ਮੁੜ ਬੁਲੰਦੀਆਂ ਤੇ ਲੈ ਜਾਣ ਲਈ ਹਰ ਸੰਭਵ ਯਤਨ ਵਿਚ ਸ਼ਰੀਕ ਹੋਣ ਦਾ ਭਰੋਸਾ ਦਿਵਾਇਆ ਅਤੇ ਨਾਲ ਹੀ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕਡਰੀ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀ ਇਕ ਜਥੇਬੰਦੀ ਕਾਇਮ ਕੀਤੀ ਜਾਵੇਗੀ। ਜੋ ਇਥੇ ਪੜ੍ਹ ਰਹੇ ਗਰੀਬ ਪਰ ਹੁਸ਼ਿਆਰ ਵਿਦਿਆਰਥੀਆਂ ਦੀ ਹਰ ਸੰੰਭਵ ਮਦਦ ਕਰਕੇ ਉਹਨਾਂ ਨੂੰ ਸਮਾਜ ਦੇ ਨਰੋਏ ਅੰਗ ਬਣਨ ਵਿਚ ਮਦੱਦ ਕਰੇਗੀ। ਪੁਰਾਣੇ ਵਿਦਿਆਰਥੀਆਂ ਦਾ ਇਹ ਵੀ ਵੀਚਾਰ ਸੀ ਕਿ ਇਕ ਵੱਡੀ ਇਕਤੱਰਤਾ ਕੀਤੀ ਜਾਵੇ ਜੋ ਕਿ ਯਾਦਗਾਰੀ ਹੋਵੇ। ਇਸ ਸਬੰਧੀ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਕਿਹਾ ਕਿ ਨਵੰਬਰ ਦੇ ਮਹੀਨੇ ਇਹ ਇਕਤਰਤਾ ਕੀਤੀ ਜਾਵੇਗੀ। ਉਹਨਾਂ ਇਸ ਸਕੂਲ ਦੇ ਸਮੂਹ ਪੁਰਾਣੇ ਵਿਦਿਆਰਥੀਆਂ ਜੋ ਸਮਾਜ ਦੇ ਵੱਖ- ਵੱਖ ਖੇਤਰਾਂ ਵਿੱਚ ਸੇਵਾ ਕਰ ਰਹੇ ਹਨ ਜਾ ਕਰ ਚੁੱਕੇ ਹਨ ਨੂੰ ਬੇਨਤੀ ਕੀਤੀ ਕਿ ਉਹ ਸਕੂਲ ਦਫਤਰ ਜਾ ਟੈਲੀਫੂਨ ਨੰ. ੯੮੧੪੮-੯੮੩੪੫ ਨਾਲ ਸੰਪਰਕ ਕਰਕੇ ਆਪਣਾ ਨਾਮ ਪਤਾ ਅਤੇ ਫੋਨ ਨੰ. ਦਰਜ ਕਰਵਾਉਣ ਤਾ ਜੋ ਸਾਰੇ ਸੱਜਣਾ ਨੂੰ ਨਵੰਬਰ ਮਹੀਨੇ ਹੋਣ ਵਾਲੇ ਵਿਸ਼ੇਸ਼ ਸਨਮਾਨ ਸਮਾਗਮ ਵਿਚ ਸ਼ਾਮਲ ਕੀਤਾ ਜਾ ਸਕੇ। ਸਾਰੇ ਹਾਜ਼ਰ ਸੱਜਣਾ ਨੇ ਸ਼੍ਰੋ. ਗੁ. ਪ੍ਰ. ਕਮੇਟੀ ਦੇ ਅਹੁਦੇਦਾਰਾਂ ਅਤੇ ਖਾਸ ਕਰ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕੀਤਾ ਜਿਹਨਾਂ ਦੇ ਯਤਨ ਸਦਕਾ ਪੁਰਾਣੇ ਬੇਲੀ ਇਕਠੇ ਹੋਏ ਹਨ।