ਅੰਮ੍ਰਿਤਸਰ – ਅੱਜ ਸਥਾਨਕ ਥਾਣਾ ਡੀ ਡਵੀਜ਼ਨ ਵਿਖੇ ਪੁਲਿਸ ਅਤੇ ਜਨਤਾ ਵਿੱਚ ਆਪਸੀ ਤਾਲਮੇਲ ਵਧਾਉਣ ਲਈ ਬਣੇ ਸਾਂਝ ਕੇਂਦਰ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਕੀਤਾ।
ਇਸ ਉਪਰੰਤ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਹੁਣ ਤੱਕ ਪੰਜ ਸਾਂਝ ਕੇਂਦਰ ਬਣ ਚੁੱਕੇ ਹਨ, ਇਸ ਤੋਂ ਪਹਿਲਾਂ ਥਾਣਾ ਬੀ ਡਵੀਜ਼ਨ, ਥਾਣਾ ਸੀ. ਡਵੀਜ਼ਨ, ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਅਤੇ ਕੈਂਟ ਪੁਲਿਸ ਸਟੇਸ਼ਨ ਵਿੱਚ ਬਣੇ ਸਾਂਝ ਕੇਂਦਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੁਲਿਸ ਅਤੇ ਜਨਤਾ ਸੇ ਆਪਸੀ ਮਿਲਵਰਤਨ ਨੂੰ ਵਧਾਉਣ ਅਤੇ ਆਮ ਜਨਤਾ ਦਾ ਪੁਲਿਸ ਵਿੱਚ ਵਿਸਵਾਸ਼ ਵਧਾਉਣ ਲਈ ਇਨ੍ਹਾਂ ਸਾਂਝ ਕੇਂਦਰਾਂ ਦਾ ਸਿਧਾਂਤ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਂਝ ਕੇਂਦਰਾਂ ਦੇ ਬਣਨ ਨਾਲ ਹੁਣ ਪੰਜਾਬ ਦੇ ਆਮ ਲੋਕ ਪੁਲਿਸ ਚੌਕੀਆਂ ਅਤੇ ਥਾਣਿਆਂ ਵਿੱਚ ਹੁੰਦੀ ਖੱਜਲ-ਖੁਆਰੀ ਤੋਂ ਬਚ ਸਕਣਗੇ ਅਤੇ ਪੁਲਿਸ ਸਬੰਧੀ ਨਿੱਕੇ-ਨਿੱਕੇ ਕੰਮ ਹੁਣ ਇਨ੍ਹਾਂ ਕੇਂਦਰਾਂ ‘ਤੇ ਬੜੀ ਆਸਾਨੀ ਅਤੇ ਨਿਸ਼ਚਿਤ ਸਮੇਂ ਵਿੱਚ ਹੋ ਸਕਣਗੇ।
ਉਨ੍ਹਾਂ ਦੱਸਿਆ ਕਿ ਸਾਰੇ ਸਾਂਝ ਕੇਂਦਰਾਂ ‘ਤੇ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਕਾਊਂਟਰ ਜਿਵੇਂ ਐੱਨ. ਆਰ. ਆਈਜ਼ ਐਂਡ ਵਿਦੇਸ਼ੀ ਕਾਊਂਟਰ, ਪੜਤਾਲ ਅਤੇ ਮਨਜੂਰੀ ਕਾਊਂਟਰ, ਟਰੈਫਿਕ ਪ੍ਰਬਂਧਕ ਪ੍ਰਣਾਲੀ ਕਾਊਂਟਰ, ਅਪਰਾਧ ਸੂਚਨਾ ਕਾਊਂਟਰ, ਮਨਜੂਰੀਆਂ ਲਈ ਕਾਊਂਟਰ ਅਤੇ ਆਰ. ਟੀ. ਆਈ ਕਾਊਂਟਰ ਬਣਾਏ ਗਏ ਹਨ ਅਤੇ ਇਨ੍ਹਾਂ ਕਾਊਂਟਰਾਂ ‘ਤੇ ਸੇਵਾਵਾਂ ਦੇਣ ਲਈ ਯੋਗ ਸਟਾਫ਼ ਲਗਾਇਆ ਗਿਆ ਹੈ।
ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਸ੍ਰੀ ਆਰ. ਪੀ. ਮਿੱਤਲ, ਏ. ਡੀ. ਸੀ. ਪੀ. ਸ੍ਰੀ ਐੱਸ. ਪੀ. ਜੋਸ਼ੀ ਤੋਂ ਇਲਾਵਾ ਪੁਲਿਸ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।