ਬਰਨਾਲਾ – ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਸ਼ੁਰੂ ਕੀਤੇ ਪ੍ਰਸ਼ਾਸਨਿਕ ਸੁਧਾਰਾਂ ਤਹਿਤ ਅੱਜ ਬਰਨਾਲਾ ਦੇ ਥਾਣਾ ਕੋਤਵਾਲੀ ਵਿਖੇ ਪੁਲਿਸ ਸਾਂਝ ਕੇਂਦਰ ਸਥਾਪਤ ਕੀਤਾ ਗਿਆ ਜਿਸ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਐੱਸ| ਐੱਸ| ਪੀ| ਬਰਨਾਲਾ ਸ੍ਰ ਗੁਰਪ੍ਰੀਤ ਸਿੰਘ ਤੂਰ, ਸਾਬਕਾ ਵਿਧਾਨਕਾਰ ਸ੍ਰ| ਮਲਕੀਤ ਸਿੰਘ ਕੀਤੂ, ਵਧੀਕ ਡਿਪਟੀ ਕਮਿਸ਼ਨਰ ਸ੍ਰ| ਭੁਪਿੰਦਰ ਸਿੰਘ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ| ਗੁਰਤੇਜ ਸਿੰਘ ਖੱੁਡੀਕਲਾਂ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰ| ਇੰਦਰਪਾਲ ਸਿੰਘ ਚਹਿਲ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਪ੍ਰੀਤਮ ਜ਼ਿੰਦਲ ਵੀ ਹਾਜ਼ਰ ਸਨ।
ਪੁਲਿਸ ਸਾਂਝ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਨਾਲਾ ਵਿਖੇ ਇਸ ਪੁਲਿਸ ਸਾਂਝ ਕੇਂਦਰ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਪੁਲਿਸ ਵਿਭਾਗ ਨਾਲ ਸਬੰਧਤ ਆਪਣੇ ਕੰਮ ਕਰਵਾਉਣ ਵਿੱਚ ਅਸਾਨੀ ਹੋਵੇਗੀ। ਜਿਥੇ ਲੋਕਾਂ ਦੇ ਲੋਕਾਂ ਦੇ ਕੰਮ ਇੱਕ ਨਿਸ਼ਚਿਤ ਸਮੇਂ ਵਿੱਚ ਹੋਇਆ ਕਰਨਗੇ ਉਥੇ ਪੁਲਿਸ ਵਿਭਾਗ ਪ੍ਰਤੀ ਲੋਕਾਂ ਦੀ ਧਾਰਨਾ ਵਿੱਚ ਵੀ ਫਰਕ ਪਵੇਗਾ। ਉਹਨਾਂ ਕਿਹਾ ਕਿ ਪਹਿਲਾਂ ਆਮ ਲੋਕ ਪੁਲਿਸ ਥਾਣੇ ਆਉਣ ਤੋਂ ਡਰ ਮਹਿਸੂਸ ਕਰਦੇ ਸਨ ਅਤੇ ਅਕਸਰ ਹੀ ਛੋਟੇ-ਮੋਟੇ ਕੰਮਾਂ ਲਈ ਸਰਪੰਚਾਂ ਜਾਂ ਹੋਰ ਮੋਹਤਬਰ ਵਿਅਕਤੀਆਂ ਨੂੰ ਨਾਲ ਲਿਆਉਂਦੇ ਸਨ। ਪਰ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਮਝਦੇ ਹੋਏ ਪੁਲਿਸ ਵਿਭਾਗ ਦੇ ਕੰਮ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਂਦੇ ਹੋਏ ਸੂਬੇ ਭਰ ਵਿੱਚ ਅਜਿਹੇ ਸਾਂਝ ਕੇਂਦਰ ਸਥਾਪਤ ਕੀਤੇ ਹਨ ਜਿਥੇ ਲੋਕ ਬਿਨਾਂ ਕਿਸੇ ਡਰ-ਭੈ ਦੇ ਜਾ ਕੇ ਆਪਣੇ ਕੰਮ ਕਰਾ ਸਕਣਗੇ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਵੱਲੋਂ ਸ਼ੁਰੂ ਕੀਤਾ ਇਹ ਉਪਰਾਲਾ ਲੋਕਾਂ ਨੂੰ ਜਰੂਰ ਰਾਸ ਆਵੇਗਾ ਅਤੇ ਇਸਦੇ ਵਧੀਆ ਨਤੀਜੇ ਸਾਹਮਣੇ ਆਉਣਗੇ।
ਇਸ ਮੌਕੇ ਐੱਸ| ਐੱਸ| ਪੀ| ਬਰਨਾਲਾ ਸ੍ਰ| ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਿਲ੍ਹਾ ਪੁਲਿਸ ਹਮੇਸ਼ਾ ਹੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ ਅਤੇ ਹੁਣ ਸ਼ੁਰੂ ਕੀਤੇ ਗਏ ਪੁਲਿਸ ਸਾਂਝ ਕੇਂਦਰਾਂ ਦੇ ਜਰੀਏ ਲੋਕਾਂ ਨੂੰ 24 ਸੇਵਾਵਾਂ ਨੂੰ ਬੇਹਤਰ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਕੇਂਦਰ ਦੇ ਜਰੀਏ 24 ਸੇਵਾਵਾਂ ਮੁਹੱਈਆ ਕਵਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਵੀ ਇਸ ਕੇਂਦਰ ਦੀ ਕਾਮਯਾਬੀ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਅਕਾਲੀ ਆਗੂ ਸ੍ਰ| ਮਲਕੀਤ ਸਿੰਘ ਕੀਤੂ ਨੇ ਕਿਹਾ ਕਿ ਅਜਿਹੇ ਕੇਂਦਰ ਖੋਲ ਕੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਇੰਨੀ ਵੱਡੀ ਪੱਧਰ ,ਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਲਾਗੂ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਪ੍ਰੇਮ ਪ੍ਰੀਤਮ ਜ਼ਿੰਦਲ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਸ੍ਰ| ਪਰਮਜੀਤ ਸਿੰਘ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ| ਗੁਰਤੇਜ ਸਿੰਘ ਖੱੁਡੀਕਲਾਂ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰ| ਇੰਦਰਪਾਲ ਸਿੰਘ ਚਹਿਲ, ਸਾਬਕਾ ਨਗਰ ਕੌਂਸਲ ਪ੍ਰਧਾਨ ਮੱਖਣ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਸ੍ਰ| ਪਰਮਜੀਤ ਸਿੰਘ ਖਾਲਸਾ, ਅਕਾਲੀ ਆਗੂ ਜਰਨੈਲ ਸਿੰਘ ਭੋਤਨਾ, ਹਰਪਾਲਇੰਦਰ ਸਿੰਘ ਰਾਹੀ, ਡੀ| ਐੱਸ| ਪੀ| ਰੁਪਿੰਦਰ ਭਾਰਦਵਾਜ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।