ਅੰਮ੍ਰਿਤਸਰ/ ਡੇਟਨ ਯੂ ਐਸ ਏ – ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ਹਿਰ ਦੀ ਸਫ਼ਾਈ ਦੀ ਮਾੜੀ ਦਸ਼ਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਪਹੁੰਚ ਮਾਰਗਾਂ ਦੀ ਮਾੜੀ ਹਾਲਤ ਕਾਰਨ ਸ਼ਰਧਾਲੂਆਂ ਨੂੰ ਹੋ ਰਹੀ ਖ਼ਜ਼ਲ ਖੁਆਰੀ ਤੋਂ ਛੁਟਕਾਰਾ ਦੁਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਗਰ ਨਿਗਮ ,ਨਗਰ ਸੁਧਾਰ ਟਰੱਸਟ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਰੁੱਧ ਸਖ਼ਤ ਰਵੱਈਆ ਅਪਨਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ. ਅਵਤਾਰ ਸਿੰਘ ਮੱਕੜ ਨੂੰ ਅਮਰੀਕਾ ਤੋਂ ਭੇਜੇ ਇਕ ਪੱਤਰ ਵਿਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਹਨ ਪਰ ਸ਼ਹਿਰ ਵਿਚਲੇ ਪਹੁੰਚ ਮਾਰਗਾਂ ਦੀ ਮਾੜੀ ਹੋਣ ਕਰਕੇ ਉਨ੍ਹਾਂ ਨੂੰ ਖਜ਼ਲ ਖੁਆਰ ਹੋਣਾ ਪੈ ਰਿਹਾ ਹੈ ਤੇ ਇਸ ਪ੍ਰਤੀ ਜ਼ਿਲ੍ਹਾ ਪ੍ਰਸ਼ਾਸ਼ਨ ,ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਨੇ ਅੱਖਾਂ ਮੀਟੀਆਂ ਹੋਈਆਂ ਹਨ ਤੇ ਇਸ ਸਬੰਧੀ ਮੀਡੀਆ (ਅੰਗਰਜ਼ੀ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ) ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਦਾ ਬਿਆਨ ਆਇਆ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵਲੋਂ ਨਗਰ ਨਿਗਮ ਅਤੇ ਜਿਲਾ ਪ੍ਰਸ਼ਾਸ਼ਨ ਨੂੰ ਕਈ ਵੇਰ ਜਾਣੂ ਕਰਵਾਇਆ ਗਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਸ਼੍ਰੋਮਣੀ ਕਮੇਟੀ ਦੀ ਪ੍ਰਵਾਹ ਨਹੀਂ ਕਰਦੇ,ਇਸ ਲਈ ਜਿਵੇਂ ਦਸਤਾਰ ਦੇ ਮਸਲੇ ਨੂੰ ਲੈ ਕੇ ਦਿੱਲੀ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਮੁਜ਼ਾਹਰੇ ਕੀਤੇ ਗਏ ਸਨ, ਉਸੇ ਤਰਜ਼ ‘ਤੇ ਨਗਰ ਨਿਗਮ,ਨਗਰ ਸੁਧਾਰ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਰੁਧ ਵੀ ਜਨਤਕ ਰੋਸ ਪ੍ਰਗਟ ਕੀਤਾ ਜਾਵੇ।
ਆਪਣੇ ਪੱਤਰ ਵਿੱਚ ਮੰਚ ਆਗੂ ਨੇ ਕਿਹਾ ਕਿ ਅੰਮ੍ਰਿਤਸਰ ਦੇਸ਼ ਵਿਚੋਂ ਸਭ ਤੋਂ ਗੰਦਾ ਸ਼ਹਿਰ ਹੈ,ਜਦ ਕਿ ਚੰਡੀਗੜ ਸਭ ਤੋਂ ਸਾਫ਼ ਸੁਥਰਾ ਸ਼ਹਿਰ ਹੈ।ਬੱਸ ਸਟੈਂਡ ਤੋਂ ਲੈ ਕੇ ਈਸਟ ਮੋਹਨ,ਟਰਾਂਸਪੋਰਟ ਨਗਰ ,ਜੀ ਟੀ ਰੋਡ,ਘਿਉ ਮੰੰਡੀ ,ਅਕਾਲੀ ਫ਼ੂਲਾ ਸਿੰਘ ਰੋਡ ,ਸ਼ੇਰਾਂ ਵਾਲਾ ਗੇਟ ਦਾ ਸਾਰਾ ਇਲਾਕਾ ਜੋ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਹੈ,ਟੁਟੀਆਂ ਸੜਕਾਂ ਤੇ ਗੰਦਗੀ ਕਰਕੇ ਨਰਕ ਬਣਿਆ ਪਿਆ ਹੈ।ਭਾਰਤ ਤੋਂ ਇਲਾਵਾ ਅਮਰੀਕਾ,ਕਨੇਡਾ,ਇੰਗਲੈਂਡ,ਅਸਟਰੇਲੀਆ ਆਦਿ ਮੁਲਕਾਂ ਦੀਆਂ ਅਖ਼ਬਾਰਾਂ ਅਤੇ ਟੈਲੀਵੀਯਨ ਉਪਰ ਇਸ ਇਲਾਕੇ ਦੀ ਦਸ਼ਾ ਵੇਖ ਕਿ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਵਿਦੇਸ਼ਾਂ ਤੋਂ ਆਉਂਦੇ ਯਾਤਰੂ ਸਿੱਖਾਂ ਬਾਰੇ ਕੀ ਸੋਚਦੇ ਹੋਣਗੇ। ਲੋਕ ਇਸ ਸਥਿਤੀ ਲਈ, ਸ਼੍ਰੋਮਣੀ ਕਮੇਟੀ ਨੂੰ ਦੋਸ਼ੀ ਠਹਿਰਾਉਂਦੇ ਹਨ ਕਿਉਂਕਿ ਸਿੱਖ਼ਾਂ ਦਾ ਪਵਿਤਰ ਸ਼ਹਿਰ ਹੋਣ ਕਰਕੇ ਉਸ ਦਾ ਫ਼ਰਜ਼ ਬਣਦਾ ਹੈ ਕਿ ਉਹ ਇੱਥੇ ਆਉਂਦੇ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਵੇ।
ਕਾਂਗਰਸ ਸਰਕਾਰ ਸਮੇਂ 2006 ਵਿੱਚ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਸਤੇ ਸ਼ਰਧਾਲੂਆਂ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਐਲੀਵੇਟਡ ਰੋਡ ਬਨਾਉਣ ਦਾ ਕੰਮ ਆਰੰਭਿਆ ਗਿਆ ਸੀ, ਜੋ ਤਿੰਨ ਸਾਲ ਭਾਵ 2009 ਤੀਕ ਖਤਮ ਹੋਣਾ ਸੀ। ਇਸ ਐਲੀਵੇਟਡ ਰੋਡ ਦੇ ਚਲ ਰਹੇ ਕੰਮ ਕਾਰਨ ਪਿਛਲੇ 4 ਸਾਲ ਤੋਂ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਰਸਤਾ ਅਕਾਲੀ ਫੂਲਾ ਸਿੰਘ ਰੋਡ ਮੁਕੰਮਲ ਬੰਦ ਹੈ ਤੇ ਇਸ ਰਸਤੇ ਦੀ ਟਰੈਫਿਕ ਜੋ ਨਾਲ ਲਗਦੀ ਸੜਕ ਕੇ.ਪੀ.ਐਸ. ਗਿਲ ਰੋਡ ਹੈ ਤੋਂ ਜਾਂਦੀ ਹੈ, ਉਸ ਦੀ ਬਹੁਤ ਮਾੜੀ ਹਾਲਤ ਹੈ।ਇਸ ਦੇ ਨਾਲ ਲਗਦੇ ਟਰਾਂਸਪੋਰਟ ਦੀਆਂ ਸੜਕਾਂ ਵੀ ਟੁਟੀਆਂ ਹੋਈਅ ਹਨ। ਘਿਉ ਮੰਡੀ ਚੌਂਕ ਤੇ ਸ਼ੇਰਾਂਵਾਲਾ ਗੇਟ ਦਾ ਟੋਟਾ ਵੀ ਪਿਛਲੇ 4 ਸਾਲ ਤੋਂ ਟੁੱਟਾ ਹੋਇਆ ਹੈ। ਜੀ.ਟੀ. ਰੋਡ ਤੋਂ ਸ਼ੇਰਾਂਵਾਲਾ ਗੇਟ ਰਾਹੀਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਇਕ ਰਸਤਾ ਪੂਰੀ ਤਰ੍ਹਾਂ ਬੰਦ ਹੈ ਤੇ ਇਸ ਦੇ ਨਾਲ ਲੱਗਦੀ ਘਿਉ ਮੰਡੀ ਰੋਡ ਦਾ ਬੁਰਾ ਹਾਲ ਹੈ। ਘਿਉ ਮੰਡੀ ਨੇੜੇ ਟਰੱਕ ਤੇ ਹੋਰ ਵਾਹਨ ਖੜੇ ਹੋਣ ਕਾਰਨ ਯਾਤਰੂ ਇਸ ਰਸਤੇ ਦੀ ਵਰਤੋਂ ਨਹੀਂ ਕਰ ਸਕਦੇ। ਮਹਾਂ ਸਿੰਘ ਗੇਟ ਮਾਰਗ ਨੂੰ ਇਕ ਪਾਸੜ ਬਣਾਇਆ ਗਿਆ ਹੈ ਪਰ ਆਵਾਜਾਈ ਲਈ ਰਾਹ ਨਾ ਹੋਣ ਕਰਕੇ ਇਥੇ ਆਵਾਜਾਈ ਦੋ ਪਾਸੜ ਹੈ, ਜਿਸ ਕਾਰਨ ਭੀੜ ਹੋਣ ਕਰਕੇ ਰਸਤਾ ਬੰਦ ਰਹਿੰਦਾ ਹੈ। ਸੁਲਤਾਨਵਿੰਡ ਚੌਂਕ ਤੋਂ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਨੂੰ ਵੀ ਇਕ ਪਾਸੜ ਬਣਾਇਆ ਹੈ, ਪਰ ਗਲੀਆਂ ਭੀੜੀਆਂ ਹੋਣ ਕਾਰਨ ਰਸਤਾ ਬੰਦ ਰਹਿੰਦਾ ਹੈ। ਤਾਰਾਂ ਵਾਲਾ ਪੁਲ ਉਪਰ ਪੁਲ ਬਣਨ ਕਾਰਨ ਟ੍ਰੈਫ਼ਿਕ ਜਾਮ ਰਹਿੰਦੀ ਹੈ ਕਿਉਂਕਿ ਪ੍ਰਸ਼ਾਸਨ ਨੇ ਇਸ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ। ਜਿਹੜਾ ਸ਼ਰਧਾਲੂ ਇੱਥੇ ਆਉਦਾ ਹੈ ਉਹ ਕਹਿੰਦਾ ਹੈ ਕਿ ਮੁੜਕੇ ਕਦੀ ਇੱਥੇ ਨਹੀਂ ਆਵਾਂਗਾ।