Bharat Sandesh Online::
Translate to your language
News categories
Usefull links
Google

     

ਪ੍ਰਧਾਨ ਮੰਤਰੀ ਦੀ ਫੇਰੀ ਦਾ ਵਿਰੋਧ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੇ ਵਿਕਾਸ ਵਿਰੋਧੀ ਹੋਣ ਦਾ ਸਬੂਤ ਦਿੱਤਾ-ਬਾਦਲ
03 Nov 2011

*ਮਨਪ੍ਰੀਤ ਨੇ ਮਾਂ-ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਬੱਜਰ ਗੁਨਾਹ ਕੀਤਾ
*ਸਾਂਝੇ ਮੋਰਚੇ ਦਾ ਹਸ਼ਰ ਵੀ ਪੰਥਕ ਮੋਰਚੇ ਵਾਲਾ ਹੋਵੇਗਾ
*ਮੁੱਖ ਮੰਤਰੀ ਵੱਲੋਂ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ

ਗੁਰਦਾਸਪੁਰ - ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪੰਜਾਬ ਫੇਰੀ ਦੀ ਮੁਖਾਲਫ਼ਤ ਕਰਕੇ ਪੰਜਾਬ ਤੇ ਵਿਕਾਸ ਵਿਰੋਧੀ ਸੋਚ ਦਾ ਪ੍ਰਗਟਾਵਾ ਕੀਤਾ ਹੈ।
       ਸ. ਬਾਦਲ ਨੇ ਪਿੰਡ ਸ਼ਾਹਪੁਰ ਗੋਰਾਇਆ ਵਿਖੇ 66 ਕੇ.ਵੀ. ਸਬ ਸਟੇਸ਼ਨ ਦਾ ਉਦਘਾਟਨ ਕਰਨ ਅਤੇ ਪਿੰਡ ਬੁਚੇ ਨੰਗਲ ਵਿਖੇ 66 ਕੇ.ਵੀ. ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਣ ਉਪਰੰਤ ਬੁਚੇ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ  ਨਿੱਜੀ ਤੌਰ 'ਤੇ ਮਿਲ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਗੌਰਵਮਈ ਖਾਲਸਾ ਵਿਰਾਸਤੀ ਕੇਂਦਰ ਕੌਮ ਨੂੰ ਸਮਰਪਿਤ ਕਰਨ ਲਈ ਅਤੇ ਮੁਹਾਲੀ ਇੰਨਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਕਰਨ ਦਾ ਸੱਦਾ ਦਿੱਤਾ ਸੀ ਕਿਉਂਕਿ ਇਨ੍ਹਾਂ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਪਾਸੋਂ ਹੀ ਕਰਵਾਉਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਸੱਦਾ ਵੀ ਸਵੀਕਾਰ ਕਰ ਲਿਆ ਹੈ ਅਤੇ ਇਸ ਲਈ ਉਨ੍ਹਾਂ ਦੇ ਰੁਝੇਵਿਆਂ ਮੁਤਾਬਿਕ ਉਦਘਾਟਨ ਸਬੰਧੀ ਪ੍ਰੋਗਰਾਮ ਦੀ ਉਡੀਕ ਕੀਤੀ ਜਾ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ  ਅਤੇ ਪੰਜਾਬ ਦੇ ਹੋਰ ਕਾਂਗਰਸੀ ਆਗੂਆਂ ਨੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਤੱਕ ਪਹੁੰਚ ਕਰਕੇ ਪੰਜਾਬ ਦੇ ਭਲੇ ਦੀ ਗੱਲ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਪੰਜਾਬ ਆਉਣ ਤੋਂ ਰੋਕਣ ਲਈ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਕਾਂਗਰਸ ਦੇ ਪ੍ਰਧਾਨ ਮੰਤਰੀ ਨਹੀਂ ਹਨ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ ਜਿਸ ਕਰਕੇ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਵਿਕਾਸਮੁਖੀ ਸਮਾਰੋਹਾਂ ਵਿੱਚ ਪ੍ਰਧਾਨ ਮੰਤਰੀ ਦੇ ਸ਼ਰੀਕ ਹੋਣ 'ਤੇ ਕਿਸੇ ਨੂੰ ਇਤਰਾਜ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਆਦਤ ਮੁਤਾਬਕ ਪੰਜਾਬ ਵਿੱਚ ਤੇਲ ਸੋਧ ਕਾਰਖਾਨੇ ਦੀ ਸਥਾਪਨਾ ਜਾਂ ਥਰਮਲ ਪਲਾਂਟ ਲਾਉਣ ਮੌਕੇ ਵੀ ਇਨ੍ਹਾਂ ਵੱਡੇ ਪ੍ਰੋਜੈਕਟਾਂ ਦੀ ਵਿਰੋਧਤਾ ਕੀਤੀ ਸੀ ਜਦਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਜਿੱਥੇ ਪੰਜਾਬ ਹੋਰ ਤਰੱਕੀ ਕਰੇਗਾ, ਉਥੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਗਰਾਂਟਾਂ ਦੇ ਕੇ ਕੋਈ ਅਹਿਸਾਨ ਨਹੀਂ ਕੀਤਾ ਜਾਂਦਾ ਸਗੋਂ ਕੇਂਦਰ ਵੱਲੋਂ ਰਾਜ ਵਿੱਚੋਂ ਉਗਰਾਹੇ ਜਾਂਦੇ ਕਰਾਂ ਦਾ ਹਿੱਸਾ ਹੀ ਵਾਪਸ ਦਿੱਤਾ ਜਾਂਦਾ ਹੈ ਜਿਸ ਲਈ ਹਰ ਰਾਜ ਹੱਕਦਾਰ ਹੈ।
       ਕਾਂਗਰਸ ਵੱਲੋਂ ਸ਼ੁਰੂ ਕੀਤੀ 'ਪੰਜਾਬ ਬਚਾਓ ਯਾਤਰਾ' ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਸੜਕਾਂ 'ਤੇ ਫਿਰਨ ਨਾਲ ਪੰਜਾਬ ਦਾ ਵਿਕਾਸ ਨਹੀਂ ਹੋਣਾ ਅਤੇ ਚੰਗਾ ਹੋਵੇ ਜੇਕਰ ਕਾਂਗਰਸੀ ਆਗੂ ਕੇਂਦਰ ਸਰਕਾਰ ਕੋਲ ਜਾ ਕੇ ਪੰਜਾਬ ਦੀਆਂ ਸਮੱਸਿਆਵਾਂ ਰੱਖਣ ਤਾਂ ਜੋ ਸਹੀ ਮਾਅਨਿਆਂ ਵਿੱਚ ਲੋਕਾਂ ਦਾ ਭਲਾ ਹੋ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂਂ ਪਹਿਲਾਂ ਵੀ ਕਾਂਗਰਸ ਦੇ ਵੱਡੇ  ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਈ ਸਾਜ਼ਿਸ਼ਾਂ ਘੜੀਆਂ ਸਨ ਪਰ ਸੂਝਵਾਨ ਲੋਕਾਂ ਨੇ ਉਨ੍ਹਾਂ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਸਨ ਅਤੇ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਮਝ ਲੈਣੀ ਚਾਹੀਦੀ ਹੈ।
       ਪੀ.ਪੀ.ਪੀ. ਦੇ ਆਗੂ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਅਤੇ ਖੱਬੇ ਪੱਖੀ ਪਾਰਟੀਆਂ ਦੇ ਸਹਿਯੋਗ ਨਾਲ ਬਣਾਏ ਸਾਂਝੇ ਮੋਰਚੇ ਦਾ ਚੋਣਾਂ 'ਤੇ ਪੈਣ ਵਾਲੇ ਪ੍ਰਭਾਵ ਸਬੰਧੀ ਪੁਛੇ ਜਾਣ 'ਤੇ ਸ਼੍ਰ. ਬਾਦਲ ਨੇ ਕਿਹਾ ਕਿ ਸਾਂਝੇ ਮੋਰਚੇ ਦਾ ਹਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਮੋਰਚੇ ਦੇ ਹਸ਼ਰ ਵਾਲਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸ. ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਵਾਰਥੀ ਹਿੱਤਾਂ ਖਾਤਰ ਉਸ ਨੂੰ ਸਿਆਸੀ ਗੁੜਤੀ ਦੇਣ ਵਾਲੀ ਆਪਣੀ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਉਸ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਸੂਝਵਾਨ ਵੋਟਰ ਹੀ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਜ਼ਾਨਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਚੁਣ ਕੇ ਵੱਡਾ ਸਤਿਕਾਰ ਦਿੱਤਾ ਹੈ ਜਿਸ ਲਈ ਉਸ ਨੂੰ ਪਾਰਟੀ ਦਾ ਰਿਣੀ ਹੋਣਾ ਚਾਹੀਦਾ ਸੀ ਪਰ ਉਸ ਨੇ ਨਿੱਜੀ ਲਾਲਸਾ ਦੀ ਪੂਰਤੀ ਲਈ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਸ. ਸੁਰਜੀਤ ਸਿੰਘ ਬਰਨਾਲਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਹੀ ਕੇਂਦਰੀ ਵਜ਼ੀਰੀਆਂ, ਰਾਜ ਦੇ ਮੁੱਖ ਮੰਤਰੀ ਦੀ ਕੁਰਸੀ ਸਮੇਤ ਹੋਰ ਅਹੁਦੇਦਾਰੀਆਂ ਦਾ ਆਨੰਦ ਮਾਣਿਆ ਅਤੇ ਹੁਣ ਆਪਣੇ ਨਿੱਜੀ ਹਿੱਤਾਂ ਕਾਰਨ ਪਾਰਟੀ ਨਾਲ ਵਿਸ਼ਵਾਸਘਾਤ ਕਰਕੇ ਬਹੁਤ ਵੱਡੀ ਭੁੱਲ ਕੀਤੀ ਹੈ।  
       ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਲਈ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਪੰਥਕ ਮੋਰਚੇ ਦੀ ਆੜ ਵਿੱਚ ਅਕਾਲੀ ਦਲ ਨੂੰ ਹਰਾਉਣ ਦੀ ਪੂਰੀ ਵਾਹ ਲਾਈ ਪਰ ਸੂਝਵਾਨ ਵੋਟਰਾਂ ਨੇ ਅਕਾਲੀ ਦਲ ਨੂੰ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਲਾਮਿਸਾਲ ਜਿੱਤ ਦਿਵਾਈ।      ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲਮਕਾਉਣ ਲਈ ਕੋਝੇ ਹੱਥਕੰਡੇ ਵੀ ਵਰਤੇ ਜਿਸ ਵਿੱਚ ਉਸ ਨੂੰ ਮੂੰਹ ਦੀ ਖਾਣੀ ਪਈ। ਉਨ੍ਹਾਂ ਨਾਲ ਹੀ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਰਾਜ ਦੇ ਸੂਝਵਾਨ ਲੋਕ ਕਾਂਗਰਸ ਦਾ ਸਫਾਇਆ ਕਰ ਦੇਣਗੇ।
       ਸ. ਬਾਦਲ ਨੇ ਅੱਜ ਇਲਾਕੇ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਤੇ ਉਦਘਾਟਨ ਕੀਤੇ। ਮੁੱਖ ਮੰਤਰੀ ਨੇ ਗਾਲ੍ਹੜੀ ਤੋਂ ਅਗਵਾਨ ਤੱਕ ਸੰਪਰਕ ਸੜਕ ਨੂੰ ਅਪਗਰੇਡ ਕਰਨ ਲਈ ਪਿੰਡ ਅਗਵਾਨ ਵਿਖੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਨੂੰ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਅਧੀਨ 10.21 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾ ਕਰਕੇ 30 ਕਿਲੋਮੀਟਰ ਤੱਕ ਬਣਾਇਆ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਪਿੰਡ ਸ਼ਾਹਪੁਰ ਗੋਰਾਇਆ ਵਿਖੇ 4.5 ਕਰੋੜ ਰੁਪਏ ਦੀ ਲਾਗਤ ਨਾਲ ਬਣੇ 66 ਕੇ.ਵੀ. ਸਬ ਸਟੇਸ਼ਨ ਨਾਲ 24 ਪਿੰਡਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲੇਗੀ ਅਤੇ ਪਿੰਡ ਬੁਚੇ ਨੰਗਲ ਵਿਖੇ  5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਸਬ ਸਟੇਸ਼ਨ ਨਾਲ ਇਸ ਹਲਕੇ ਦੇ 23 ਪਿੰਡਾਂ ਨੂੰ ਲਾਭ ਪਹੁੰਚੇਗਾ। ਸ. ਬਾਦਲ ਨੇ ਪਿੰਡ ਭਿਖਾਰੀਵਾਲ ਵਿੱਚ 15 ਏਕੜ ਰਕਬੇ ਵਿੱਚ ਸਥਾਪਤ ਕੀਤੇ ਆਦਰਸ਼ ਸਕੂਲ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਵੱਖ ਵੱਖ ਸਮਾਰੋਹਾਂ ਦੌਰਾਨ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਛੇ ਨਵੀਆਂ ਯੂਨੀਵਰਸਿਟੀਆਂ, 17 ਯੂਨੀਵਰਸਿਟੀ ਕਾਲਜ, ਆਦਰਸ਼ ਅਤੇ ਮਾਡਲ ਸਕੂਲਾਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਹੁਣ 14ਵੇਂ ਸਥਾਨ ਤੋਂ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਜਲਦ ਹੀ ਸਰਵੋਤਮ ਸਥਾਨ ਹਾਸਲ ਕਰ ਲਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਰਾਜ ਵਿੱਚ ਬਿਜਲੀ ਦੀ ਪੈਦਾਵਾਰ ਵਧਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਦਕਿ ਸਾਡੀ ਸਰਕਾਰ ਨੇ ਥਰਮਲ ਪਲਾਂਟ ਲਾਉਣ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ ਜਿਸ ਸਦਕਾ ਆਉਂਦੇ ਡੇਢ ਸਾਲ ਵਿੱਚ ਪੰਜਾਬ ਬਿਜਲੀ ਪੱਖੋਂ ਆਤਮ-ਨਿਰਭਰ ਸੂਬਾ ਬਣ ਜਾਵੇਗਾ। ਇਸ ਮੌਕੇ ਸ. ਬਾਦਲ ਨੇ ਪਿੰਡ ਸ਼ਾਹਪੁਰ ਗੋਰਾਇਆ ਅਤੇ ਬੁਚੇ ਨੰਗਲ ਵਿਖੇ ਆਯੋਜਿਤ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਲੋਕਾਂ ਨੇ ਮੌਜੂਦਾ ਅਕਾਲੀ ਭਾਜਪਾ ਸਰਕਾਰ ਬਣਾਉਣ ਲਈ ਸਾਰੀਆਂ ਵਿਧਾਨ ਸਭਾ ਦੀਆਂ ਸੀਟਾਂ ਜਿੱਤਾ ਕੇ ਯੋਗਦਾਨ ਪਾਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸੀਟਾਂ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਸ਼ਕਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਪੰਜਾਬ ਦੇ ਲੋਕ ਮੁੜ ਅਕਾਲੀ ਭਾਜਪਾ ਸਰਕਾਰ ਬਣਾਉਣ ਦਾ ਫੈਸਲਾ ਲੈ ਚੁੱਕੇ ਹਨ, ਉਥੇ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਲੋਕ ਵੀ ਸਾਰੀਆਂ ਸੀਟਾਂ ਜਿਤਾ ਕੇ ਅਕਾਲੀ ਭਾਜਪਾ ਦੀ ਝੋਲੀ ਵਿੱਚ ਪਾ ਕੇ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਨੇ ਪਿੰਡ ਬੁਚੇ ਨੰਗਲ ਦੇ ਵਿਕਾਸ ਲਈ 5 ਲੱਖ ਰੁਪਏ ਅਤੇ ਪਿੰਡ ਭੁਜਰਾਜ ਦੇ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ 'ਤੇ ਇਨ੍ਹਾਂ ਸਮਾਗਮਾਂ ਦੇ ਮੁੱਖ ਪ੍ਰਬੰਧਕ ਪੰਜਾਬ ਦੇ ਖੇਤੀਬਾੜੀ ਮੰਤਰੀ ਸ.  ਸੁੱਚਾ ਸਿੰਘ ਲੰਗਾਹ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਆਪਣੇ ਇਸ ਪੰਜ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਨੂੰ ਇਤਿਹਾਸਕ ਦਸਦਿਆ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਇਸ ਵਿਕਾਸ ਮੁੱਦੇ ਉਪਰ ਚੋਣਾਂ ਲੜ ਕੇ ਮੁੜ ਸੂਬੇ ਵਿੱਚ ਸਰਕਾਰ ਬਣਾਵੇਗੀ। ਸ. ਲੰਗਾਹ ਨੇ ਮੁੱਖ ਮੰਤਰੀ ਵੱਲੋਂ ਅੱਜ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿੱਚ ਵੱਡੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਅਤੇ ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਧੰਨਵਾਦ ਕੀਤਾ।    
       ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਪੰਜਾਬ, ਸ. ਲਖਬੀਰ ਸਿੰਘ ਲੋਧੀਨੰਗਲ, ਸ੍ਰੀ ਜਗਦੀਸ਼ ਸਾਹਨੀ, ਸ. ਗੁਰਬਚਨ ਸਿੰਘ ਬੱਬੇਹਾਲੀ, ਪ੍ਰਿੰ: ਸੀਤਾ ਰਾਮ ਕਸ਼ਅਪ (ਚਾਰੇ ਵਿਧਾਇਕ), ਸ. ਮਹਿੰਦਰ ਸਿੰਘ ਕੈਂਥ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ਼੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀ ਜਸਬੀਰ ਸਿੰਘ ਐਸ.ਈ. ਗੁਰਦਾਸਪੁਰ, ਸ਼੍ਰੀ ਸੁਖਦੀਪ ਸਿੰਘ ਸੰਧੂ ਪ੍ਰਮੁੱਖ ਇੰਜੀਨੀਅਰ ਬਾਰਡਰ ਜੋਨ, ਸ਼੍ਰੀ ਮੋਹਤਮ ਸਿੰਘ, ਸ਼੍ਰੀ ਰਨਜੋਤ ਸਿੰਘ, ਸ਼੍ਰੀ ਬਖਸੀਸ ਸਿੰਘ ਧਾਰੋਵਾਲੀ, ਸ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਹਰਦੀਪ ਸਿੰਘ ਲਮੀਨੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ਼੍ਰੀ ਤਰਲੋਕ ਸਿੰਘ ਛੋਟੇਪੁਰ ਚੇਅਰਮੈਨ ਮਾਰਕੀਟ ਕਮੇਟੀ ਕਲਾਨੌਰ ਅਤੇ ਇਲਾਕੇ ਦੇ ਸਰਪੰਚ-ਪੰਚ ਭਾਰੀ ਗਿਣਤੀ ਵਿੱਚ ਹਾਜ਼ਰ ਸਨ।


No Comment posted
Name*
Email(Will not be published)*
Website
Can't read the image? click here to refresh

Enter the above Text*